ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਹੇਠ ਜ਼ਿਲੇ ਵਿਚ ਚੱਲਣਗੀਆਂ 2 ਆਈ.ਈ.ਸੀ ਵੈਨਾਂ


ਸ੍ਰੀ ਮੁਕਤਸਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੇ ਇਕ ਪ੍ਰੋਗਰਾਮ ਹੇਠ ਜ਼ਿਲੇ  ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਾਂ ਦੀ ਰੋਕਥਾਮ ਬਾਰੇ ਕੋਸ਼ਿਸ਼ਾਂ ਦੀ ਪਹਿਲ ਵੱਜੋਂ ਦੋ ਆਈ.ਈ.ਸੀ. ਵੈਨਾਂ ਚਲਾਈਆਂ ਜਾਣਗੀਆਂ ਜੋ ਕਿ ਇਕ ਮਹੀਨਾ ਜ਼ਿਲੇ ਦੇ ਵੱਖ ਵੱਖ ਖੇਤਰਾਂ ਵਿਚ ਜਾਣਗੀਆਂ। 
ਇਸ ਸਬੰਧੀ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਰਿਚਾ ਦੀ ਅਗਵਾਈ ਵਿਚ ਇਕ ਬੈਠਕ ਹੋਈ ਜਿਸ ਵਿਚ ਇਸ ਸਿਹਤ ਜਾਗਰੂਕਤਾ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਚਰਚਾ ਕੀਤੀ ਗਈ। ਇਨਾਂ ਅਤਿ ਆਧੁਨਿਕ ਵੈਨਾਂ ਵਿੱਚ 42'' ਐਲ.ਈ.ਡੀ ਟੈਲੀਵਿਜ਼ਨ ਸਕ੍ਰੀਨਾਂ ਲਗੀਆਂ ਹੋਈਆਂ ਹਨ। ਇਨਾਂ ਵਿੱਚ ਪਬਲਿਕ ਐਡਰੈਸ ਸਿਸਟਮ ਅਤੇ ਐਲੀਵੇਟਿਡ ਪਲੇਟਫਾਰਮ ਹੈ। ਇਸ ਦੇ ਰਾਹੀਂ ਸਿਹਤ ਮਾਹਿਰ ਲੋਕਾਂ ਨੂੰ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਮੁਹੱਈਆ ਕਰਵਾਉਣਗੇ। ਇਨਾਂ ਦੇ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਫਿਲਮਾਂ ਵੀ ਵਿਖਾਈਆਂ ਜਾਣਗੀਆਂ। ਹਰੇਕ ਵੈਨ ਰੋਜ਼ਾਨਾ ਘੱਟ ਤੋ ਘੱਟ 8 ਤੋ 10 ਥਾਵਾਂ 'ਤੇ ਜਾਵੇਗੀ। 
ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ: ਰੰਜੂ ਸਿੰਗਲਾ ਨੇ ਦੱਸਿਆ ਕਿ ਐਚ.ਬੀ, ਬੀ.ਪੀ, ਰੈਂਡਮ ਬਲੱਡ ਸ਼ੂਗਰ, ਬਲੱਡ ਸਲਾਈਡ ਫਾਰ ਐਮ ਪੀ , ਅੱਖਾਂ ਦੀ ਰੋਸ਼ਨੀ ਵਰਗੇ ਮੁੱਢਲੇ ਟੈਸਟ ਮੌਕੇ 'ਤੇ ਹੀ ਕਰ ਦਿੱਤੇ ਜਾਣਗੇ। ਪੈਰਾਸੀਟਾਮੋਲ ਅਤੇ ਐਮੋਕਸੀਕਲਿਨ ਵਰਗੀਆਂ ਐਂਟੀਬਾਓਟਿਕ ਦਵਾਈ ਮਰੀਜ਼ਾਂ ਨੂੰ ਮੁੱਫਤ ਦਿੱਤੀ ਜਾਵੇਗੀ। ਜਿਨਾਂ ਮਰੀਜ਼ਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਹੋਵੇਗੀ ਉਨਾਂ ਨੂੰ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਭੇਜਿਆ ਜਾਵੇਗਾ। ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਹ ਵੈਨਾਂ ਜ਼ਿਲੇ ਦੇ ਵੱਖ ਵੱਖ ਖੇਤਰਾਂ ਵਿਚ ਜਾਣਗੀਆਂ ਜੋ ਕਿ ਸਿਹਤ ਸੰਭਾਲ ਸੰਬਧੀ ਲੋਕਾਂ ਨੂੰ ਜਾਗਰੂਕ ਕਰਣਗੀਆਂ। 
ਬੈਠਕ ਵਿਚ ਐਸ.ਡੀ.ਐਮ. ਸ: ਰਾਜਪਾਲ ਸਿੰਘ, ਸ: ਗੋਪਾਲ ਸਿੰਘ, ਸ: ਅਰਸ਼ਦੀਪ ਸਿੰਘ ਲੁਬਾਣਾ, ਡਾ: ਵਿਕਰਜ ਅਸੀਜਾ, ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ ਆਦਿ ਵੀ ਹਾਜਰ ਸਨ। 
ਬਾਕਸ ਲਈ ਪ੍ਰਸਤਾਵਿਤ
ਸਵਾਈਨ ਫਲੂ ਸਬੰਧੀ ਸਿਹਤ ਵਿਭਾਗ ਰੱਖੇ ਪੂਰੀ ਚੌਕਸੀ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਸਵਾਈਨ ਫਲੂ ਸਬੰਧੀ ਵਿਭਾਗ ਪੂਰੀ ਚੌਕਸੀ ਰੱਖੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾਵੇ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਸਵਾਇਨ ਫਲੂ ਦੀ ਰੋਕਥਾਮ ਲਈ ਦਵਾਈ ਉਪਲਬੱਧ ਹੈ ਅਤੇ ਜੇਕਰ ਕਿਸੇ ਨੂੰ ਸਵਾਈਨ ਫਲੂ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਰਾਬਤਾ ਕੀਤਾ ਜਾਵੇ। 
Powered by Blogger.