ਪੰਜਾਬ ਸਰਕਾਰ ਦੂਜੇ ਫੇਜ਼ ਵਿਚ 20 ਹਜਾਰ ਕਿਲੋਮੀਟਰ ਲੰਬੀਆਂ ਸੰਪਰਕ ਸੜਕਾਂ ਦੀ ਕਰੇਗੀ ਮੁਰੰਮਤ - ਵਿਜੈ ਇੰਦਰ ਸਿੰਗਲਾ

ਸ੍ਰੀ ਮੁਕਤਸਰ ਸਾਹਿਬ- ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵਲੋਂ

16 ਹਜਾਰ ਕਿਲੋਮੀਟਰ ਲੰਬੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ ਕਰ ਲੈਣ ਤੋਂ ਬਾਅਦ ਹੁਣ ਅਗਲੇ ਫੇਜ਼ ਵਿਚ 20 ਹਜਾਰ ਕਿਲੋਮੀਟਰ ਹੋਰ ਸੰਪਰਕ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ। ਉਹ ਅੱਜ ਇਥੇ ਜਲਾਲਾਬਾਦ ਰੋਡ ਤੇ ਉਸਾਰੇ ਜਾਣ ਵਾਲੇ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ ਕਰਵਾਉਣ ਲਈ ਕਰਵਾਏ ਭੂਮੀ ਪੂਜਣ ਤੋਂ ਬਾਅਦ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨਾਂ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਨੂੰ 2 ਹਿੱਸਿਆਂ ਵਿਚ ਵੰਡਣ ਵਾਲੀ ਰੇਲਵੇ ਲਾਈਨ ਤੇ 38.25 ਕਰੋੜ ਦੀ ਲਾਗਤ ਨਾਲ ਇਹ ਪੁਲ 15 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ। ਕੈਬਿਨੇਟ ਮੰਤਰੀ ਨੇ ਦੱਸਿਆ ਕਿ ਇਹ ਪੁਲ 100 ਪ੍ਰਤੀਸ਼ਤ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਬਣੇਗਾ, ਕਿਉਂਕਿ ਇਸ ਰੇਲ ਲਿੰਕ ਤੇ ਟੈ੍ਰਫਿਕ ਘੱਟ ਹੋਣ ਕਾਰਨ ਇਸ ਵਿਚ ਭਾਰਤ ਸਰਕਾਰ ਨੇ ਹਿੱਸਾ ਨਹੀਂ ਪਾਇਆ ਹੈ। ਕੈਬਿਨੇਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਵਿਕਾਸ ਹੀ ਇਕੋ ਇਕ ਏਜੈਂਡਾ ਹੈ ਅਤੇ ਇਸੇ ਤਹਿਤ ਸੂਬਾ ਸਰਕਾਰ ਵਲੋਂ 8 ਨਵੇਂ ਪੁਲਾਂ ਦਾ ਕੰਮ ਅਲਾਟ ਕੀਤਾ ਜਾ ਚੁੱਕਾ ਹੈ ਜਿਸ ਤੇ 59.6 ਕਰੋੜ ਰੁਪਏ ਖਰਚਾ ਆਵੇਗਾ ਜਦ ਕਿ 306.55 ਕਰੋੜ ਰੁਪਏ ਦੀ ਲਾਗਤ ਨਾਲ 16 ਹੋਰ ਅਜਿਹੇ ਕੰਮ ਜਲਦ ਸ਼ੁਰੂ ਕਰਵਾਏ ਜਾਣਗੇ। ਇਸੇ ਤਰਾਂ ਨਾਬਾਰਡ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਤਹਿਤ 71 ਦਿਹਾਤੀ ਸੜਕਾਂ ਅਤੇ 6 ਪੁਲਾਂ ਦੀ ਉਸਾਰੀ ਤੇ ਵੀ 78.31 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰਾਂ ਉਨਾਂ ਨੇ ਫਰੀਦਕੋਟ ਤੋਂ ਗੁਰੂਹਰਸਹਾਏ ਸੜਕ ਦਾ ਕੰਮ ਵੀ ਅੱਗਲੇ 4 ਮਹੀਨਿਆਂ ਵਿਚ ਮੁਕੰਮਲ ਹੋਣ ਦੀ ਗੱਲ ਆਖੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਆਖਿਆ ਕਿ ਪਿੱਛਲੀ ਸਰਕਾਰ ਦੇ ਸਮੇਂ ਵਿਚ 10 ਸਾਲ ਤੱਕ ਵਿਕਾਸ ਦੇ ਨਾਂਅ ਤੇ ਲੋਕਾਂ ਨਾਲ ਧੋਖਾ ਹੋਇਆ ਹੈ। ਉਨਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਜੇਕਰ ਉਕਤ ਸਰਕਾਰ ਦੇ ਆਗੂਆਂ ਨੇ ਵਿਕਾਸ ਕਰਵਾਇਆ ਹੁੰਦਾ ਤਾਂ ਅੱਜ ਬਾਦਲ ਪਰਿਵਾਰ ਨੂੰ ਆਪਣੇ ਲਈ ਕਿਸੇ ਸੁਰੱਖਿਅਤ ਸੀਟ ਦੀ ਭਾਲ ਨਾ ਕਰਨੀ ਪੈਂਦੀ। ਉਨਾਂ ਕਿਹਾ ਕਿ ਜਦ ਪੰਜਾਬ ਵਿਚ ਅਕਾਲੀ ਸਰਕਾਰ ਸੀ ਤਾਂ ਕਾਂਗਰਸ ਦੇ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਵੱਲੋਂ ਪੰਜਾਬ ਲਈ ਤਰਜੀਹੀ ਅਧਾਰ ਤੇ ਫੰਡ ਜਾਰੀ ਕੀਤੇ ਜਾਂਦੇ ਸਨ ਜਦ ਕਿ ਹੁਣ ਦੀ ਮੋਦੀ ਸਰਕਾਰ ਦੇ ਸਮੇਂ ਵਿਚ ਪੰਜਾਬ ਲਈ ਅਕਾਲੀ ਦਲ ਕੁਝ ਵੀ ਨਹੀਂ ਲਿਆ ਸਕਿਆ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕਿਸਾਨ ਕਰਜਾ ਮਾਫੀ ਸਕੀਮ ਦਾ ਜ਼ਿਕਰ ਕਰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਬਿਨਾਂ ਕਿਸੇ ਪੱਖਪਾਤ ਦੇ ਕਿਸਾਨਾਂ ਦਾ ਕਰਜਾ ਮਾਫ ਕੀਤਾ ਹੈ ਜਦ ਕਿ ਕਿਸਾਨਾਂ ਦੇ ਨਾਂਅ ਤੇ ਰਾਜਨੀਤੀ ਕਰਨ ਵਾਲੇ ਅਕਾਲੀ ਦਲ ਦੀ ਸਰਕਾਰ ਨੇ ਇਕ ਵੀ ਕਿਸਾਨ ਦਾ ਕਰਜਾ ਮਾਫ ਨਹੀਂ ਕੀਤਾ ਸੀ। ਉਨਾਂ ਇਸ ਮੌਕੇ ਜੋਰ ਦੇ ਕੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਹੁਣ ਵੀ ਸਰਕਾਰ ਵੱਲੋਂ ਇਸ ਖਿੱਤੇ ਦੇ ਵਿਕਾਸ ਤੇ ਵਿਸੇਸ਼ ਤੱਵਜੋਂ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰਾਂ ਖੇਰੂੰ ਖੇਰੂੰ ਹੋ ਚੁੱਕੀ ਹੈ ਅਤੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਵੀ ਭਗਵੰਤ ਮਾਨ ਦੀ ਅਸਲੀਅਤ ਜਾਣ ਲਈ ਹੈ ਅਤੇ ਅਗਲੀਆਂ ਆਮ ਚੋਣਾਂ ਵਿਚ ਆਪ ਦਾ ਪੰਜਾਬ ਵਿਚੋਂ ਮੁਕੰਮਲ ਸਫਾਇਆ ਹੋ ਜਾਵੇਗਾ। ਉਨਾਂ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਜਿੱਤ ਦਰਜ ਕਰੇਗੀ। ਇਸ ਤੋਂ ਪਹਿਲਾਂ ਬੋਲਦਿਆਂ ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ ਨੇ ਆਖਿਆ ਕਿ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਹਰਚਰਨ ਸਿੰਘ ਬਰਾੜ ਦਾ ਜਨਮ ਦਿਨ ਹੈ ਜਿੰਨਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲੇ ਦਾ ਦਰਜਾ ਦਿੱਤਾ ਸੀ ਅਤੇ ਇਸ ਦਿਨ ਤੇ ਪੁਲ ਦਾ ਕੰਮ ਸ਼ੁਰੂ ਹੋਣਾ ਸ੍ਰੀ ਮੁਕਤਸਰ ਸਾਹਿਬ ਲਈ ਹੋਰ ਵੀ ਮਾਣ ਦੀ ਗੱਲ ਹੈ। ਜ਼ਿਲਾ ਪ੍ਰਧਾਨ ਸ: ਹਰਚਰਨ ਸਿੰਘ ਬਰਾੜ ਸੋਥਾ ਨੇ ਕੈਬਨਿਟ ਮੰਤਰੀ ਨੂੰ ਜ਼ਿਲੇ ਵਿਚ ਆਉਣ ਤੇ ਜੀ ਆਇਆਂ ਨੂੰ ਆਖਿਆ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਗੁਰਦੂਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਵੀ ਟੇਕਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ, ਏ.ਡੀ.ਸੀ. ਵਿਕਾਸ ਸ: ਐਚ.ਐਸ. ਸਰਾਂ, ਸਹਾਇ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਚੀਫ ਇੰਜਨੀਅਰ ਬੀ.ਐਂਡ ਆਰ. ਸ੍ਰੀ ਐਸ ਕੇ ਗੁਪਤਾ, ਨਿਗਰਾਨ ਇੰਜਨੀਅਰ ਸ੍ਰੀ ਐਮ. ਐਸ. ਚੱਠਾ, ਕਾਰਜਕਾਰੀ ਇੰਜਨੀਅਰ ਐਸ.ਐਸ. ਬੇਦੀ, ਸ: ਕਰਨਬੀਰ ਸਿੰਘ ਬਰਾੜ, ਸ: ਜਗਜੀਤ ਸਿੰਘ ਹਨੀ ਫੱਤਣਵਾਲਾ, ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਸਿਮਰਜੀਤ ਸਿੰਘ ਭੀਨਾ ਬਰਾੜ ਅਤੇ ਸ੍ਰੀ ਨਰਿੰਦਰ ਕੌਣੀ, ਸ: ਪੁਸ਼ਪਿੰਦਰ ਸਿੰਘ ਭੰਡਾਰੀ, ਸ੍ਰੀ ਭਿੰਦਰ ਸ਼ਰਮਾ, ਹਰਕ੍ਰਿਸ਼ਨ ਸਿੰਘ, ਗੁਰਦਾਸ ਗਿਰਧਰ ਆਦਿ ਵੀ ਹਾਜਰ ਸਨ। 
Powered by Blogger.