ਪੰਜਾਬ ਸਰਕਾਰ ਵੱਲੋਂ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਵਿਚ ਕੀਤੇ ਜਾ ਰਹੇ ਹਨ ਵੱਡੇ ਸੁਧਾਰ: ਭਾਰਤ ਭੂਸ਼ਣ ਆਸ਼ੂ

ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਉਨਾਂ ਨੇ ਦੇਸ਼ ਦੇ ਜਾਨਾਂ ਵਾਰਨ ਲਈ ਸ਼ਹੀਦਾਂ ਅਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਉਥੇ ਹੀ ਸੰਵਿਧਾਨ ਘਾੜਿਆਂ ਨੂੰ ਵੀ ਯਾਦ ਕੀਤਾ। ਤਿਰੰਗਾ ਲਹਿਰਾਉਣ ਤੋਂ ਬਾਅਦ ਉਨਾਂ ਨੇ ਪ੍ਰੇਡ ਦਾ ਨੀਰਿਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। 
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਵਿਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਅਗਲੇ 2 ਮਹੀਨਿਆਂ ਵਿਚ ਲਾਭਪਾਤਰੀਆਂ ਦੀ ਪੜਤਾਲ ਕਰਨ ਤੋਂ ਬਾਅਦ ਨਵੇਂ ਸਮਾਰਟ ਕਾਰਡ ਜਾਰੀ ਕਰ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਨਾਜ ਖਰੀਦ ਵਿਚ ਪੈਣ ਵਾਲੇ ਘਾਟੇ ਨੂੰ ਬੰਦ ਕੀਤਾ ਗਿਆ ਹੈ ਸਗੋਂ ਟਰੱਕ ਯੁਨੀਅਨਾਂ ਭੰਗ ਹੋਣ ਤੋਂ ਬਾਅਦ ਢੋਆ ਢੁਆਈ ਦੇ ਖਰਚੇ ਵਿਚ ਕਮੀ ਆਈ ਹੈ। 
ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 1000 ਕਰੋੜ ਰੁਪਏ ਦੇ ਖਰਚ ਵਾਲੀ ਸਮਾਰਟ ਪਿੰਡ ਸਕੀਮ ਸ਼ੁਰੂ ਕੀਤੀ ਹੈ ਜਿਸ ਤਹਿਤ ਪਿੰਡਾਂ ਵਿਚ ਵਿਕਾਸ ਕਰਵਾਇਆ ਜਾਵੇਗਾ। ਇਸੇ ਤਰਾਂ ਰਾਜ ਦੇ 42 ਲੱਖ ਪਰਿਵਾਰਾਂ ਨੂੰ ਸਿਹਤ ਬੀਮੇ ਦੀ  ਸਹੁਲਤ ਦੇਣ ਦੀ ਸਰਕਾਰ ਦੀ ਯੋਜਨਾ ਬਾਰੇ ਵੀ ਉਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ।
ਪੰਜਾਬ ਸਰਕਾਰ ਦੀ ਕਰਜਾ ਮਾਫੀ ਸਕੀਮ ਦਾ ਜ਼ਿਕਰ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਹੁਣ ਤੱਕ 5.30 ਲੱਖ ਕਿਸਾਨਾਂ ਨੂੰ 4500 ਕਰੋੜ ਤੋਂ ਵੱਧ ਦੀ ਕਰਜਾ ਰਾਹਤ ਦਿੱਤੀ ਜਾ ਚੁੱਕੀ ਹੈ ਅਤੇ ਮਾਰਚ ਤੱਕ ਇਹ ਰਾਹਤ 6000 ਕਰੋੜ ਤੱਕ ਪੁੱਜ ਜਾਵੇਗੀ ਅਤੇ ਇਹ ਸਕੀਮ ਜਾਰੀ ਰਹੇਗੀ। ਸਿੱਖਿਆ ਸੁਧਾਰਾਂ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਸੂਬੇ ਵਿਚ 15 ਕਾਲਜ ਖੋਲਣ ਜਾ ਰਹੀ ਹੈ ਜਿਸ ਵਿਚੋਂ ਦੋ ਗਿੱਦੜਬਾਹਾ ਅਤੇ ਮਲੋਟ ਵਿਚ ਵੀ ਖੁਲੱਣਗੇ। ਉਨਾਂ ਕਿਹਾ ਕਿ ਨਸ਼ਿਆ ਖਿਲਾਫ ਜੰਗ ਵਿਚ ਰਾਜ ਸਰਕਾਰ ਨੂੰ ਸਫਲਤਾ ਮਿਲੀ ਹੈ ਅਤੇ ਹੁਣ ਸਰਕਾਰ ਨੇ ਇਲਾਜ ਅਤੇ ਸਮਾਜਿਕ ਜਾਗਰੁਕਤਾ ਤੇ ਵਿਸੇਸ਼ ਜੋਰ ਦਿੱਤਾ ਹੈ। 
ਘਰਘਰ ਰੋਜਗਾਰ ਯੋਜਨਾ ਦਾ ਜਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ 4.41 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਮਹੀਨੇ ਹੋਰ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਸਨਅੱਤਾਂ ਨਾਲ ਹੀ ਸੂਬੇ ਦਾ ਆਰਥਿਕ ਵਿਕਾਸ ਹੋਣਾ ਹੈ ਅਤੇ ਰੋਜਗਾਰ ਦੇ ਮੌਕੇ ਪੈਦਾ ਹੋਣੇ ਹਨ ਇਸ ਲਈ ਸਰਕਾਰ ਵੱਲੋਂ ਸਨਅਤੀ ਨੀਤੀ ਬਣਾ ਕੇ ਲਾਗੂ ਕੀਤੀ ਗਈ ਹੈ ਅਤੇ ਸਨੱਅਤਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ। 
ਇਸੇ ਤਰਾਂ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਰਾਜ ਵਿਚ 266 ਕਰੋੜ ਰੁਪਏ ਦੀ ਲਾਗਤ ਨਾਲ 71 ਸੜਕਾਂ ਅਤੇ 6 ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸੇ ਤਰਾਂ 734 ਕਰੋੜ ਰੁਪਏ ਨਾਲ 20 ਓਵਰ ਬ੍ਰਿਜ ਬਣਾਏ ਜਾ ਰਹੇ ਹਨ। 1253 ਕਰੋੜ ਰੁਪਏ ਦੀ ਲਾਗਤ ਨਾਲ 5 ਕੌਮੀ ਮਾਰਗਾਂ ਦਾ ਨਵੀਨੀਕਰਨ ਕੀਤਾ ਜਾਵੇਗਾ। 
ਪੰਜਾਬ ਨੂੰ ਖੁਲੇ ਵਿਚ ਸੋਚ ਤੋਂ ਮੁਕਤ ਹੋਣ ਦੀ ਗੱਲ ਆਖਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਵਿਚ 709 ਕਰੋੜ ਰੁਪਏ ਦੀ ਲਾਗਤ ਨਾਲ 4.73 ਲੱਖ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਬਿਨਾਂ 500 ਆਰ.ਓ. ਪਲਾਂਟ ਵੀ ਲਗਾਏ ਜਾਣਗੇ। ਇਸ ਮੌਕੇ ਉਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖ ਟੈਨਿਸ ਕੋਰਟ ਦੀ ਸਥਾਪਨਾਂ ਲਈ ਗ੍ਰਾਂਟ ਦੇਣ ਅਤੇ ਜਿਮਨਾਸਟਿਕ ਸ਼ੋਅ ਤੋਂ ਪ੍ਰਭਾਵਿਤ ਹੋ ਕੇ ਖੇਡ ਵਿੰਗ ਨੂੰ 1 ਲੱਖ ਰੁਪਏ ਦੀ ਗ੍ਰਾਂਟ ਆਪਣੇ ਅਖਤਿਆਰੀ ਕੋਟੇ ਵਿਚੋਂ ਦੇਣ ਦਾ ਐਲਾਣ ਵੀ ਕੀਤਾ। 
ਇਸ ਮੌਕੇ ਵੱਖ ਵੱਖ ਸਕੂਲਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਚੰਗੀ ਕਾਰਗੁਜਾਰੀ ਵਾਲੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ, ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਐਸ.ਐਸ.ਪੀ. ਸ੍ਰੀ ਮਨਜੀਤ ਸਿੰਘ ਢੇਸੀ, ਏ.ਡੀ.ਸੀ. ਡਾ: ਰਿਚਾ ਅਤੇ ਐਚ.ਐਸ. ਸਰਾਂ, ਐਸ.ਡੀ.ਐਮ. ਸ: ਰਾਜਪਾਲ ਸਿੰਘ, ਜ਼ਿਲਾ ਪ੍ਰਧਾਨ ਸ: ਹਰਚਰਨ ਸਿੰਘ ਬਰਾੜ ਸੋਥਾ, ਜਗਜੀਤ ਸਿੰਘ ਹਨੀ ਫੱਤਣਵਾਲਾ, ਗੁਰਮੀਤ ਸਿੰਘ ਖੁੱਡੀਆਂ, ਜਗਪਾਲ ਸਿੰਘ ਔਲਖ, ਸ਼ਿਮਰਜੀਤ ਸਿੰਘ ਭੀਨਾ ਬਰਾੜ, ਭਿੰਦਰ ਸ਼ਰਮਾ, ਹਰਪਾਲ ਸਿੰਘ, ਨਰਿੰਦਰ ਕੌਣੀ, ਕਰਨਵੀਰ ਸਿੰਘ ਇੰਦੋਰਾ ਆਦਿ ਵੀ ਹਾਜਰ ਸਨ। 


Powered by Blogger.