ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਪਰਾਲੀ ਪ੍ਰਬੰਧਨ ਵਿਚ ਮੋਹਰੀ ਮੁਕਾਮ ਬਹਾਲ ਰੱਖਣ ਲਈ ਆਰੰਭੀ ਮੁਹਿੰਮ


ਸ੍ਰੀ ਮੁਕਤਸਰ ਸਾਹਿਬ- ਝੋਨੇ ਦੀ ਪਰਾਲੀ ਨੂੰ ਬਿਨਾਂ ਸਾਡ਼ੇ ਸੰਭਾਲਣ ਵਿਚ ਮੋਹਰੀ ਰਹੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਅਗਲੇ ਸਾਲ  ਇਸ ਬੁਰਾਈ ਨੂੰ ਪੁਰੀ ਤਰਾਂ ਨਾਲ ਖਤਮ ਕਰਨ ਲਈ ਅਗਾਉਂ ਚੇਤਨਾ ਮੁਹਿੰਮ ਵਿੱਢੀ ਹੈ। ਇਸ ਸਬੰਧੀ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲੇ ਦੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਉਨਾਂ ਖੇਤਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ ਜਿੱਥੇ ਇਸ ਵਾਰ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਸਾਡ਼ੇ ਕਣਕ ਦੀ ਬਿਜਾਈ ਕੀਤੀ ਹੈ। 
ਇਸ ਸਬੰਧੀ ਜ਼ਿਲਾ ਖੇਤੀਬਾਡ਼ੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾਡ਼ ਨੇ ਕਿਹਾ ਕਿ ਜਦ ਕਿਸਾਨ ਖੁਦ ਆਪਣੀ ਅੱਖੀਂ ਵੇਖਦੇ ਹਨ ਕਿ ਉਨਾਂ ਦੇ ਪਿੰਡ ਦੇ ਹੀ ਕਿਸੇ ਹੋਰ ਕਿਸਾਨ ਨੇ ਜੋ ਕਣਕ ਖਡ਼ੀ ਪਰਾਲੀ ਵਿਚ ਹੈਪੀ ਸੀਡਰ ਨਾਲ ਬੀਜ ਕੇ ਆਪਣੇ ਖਰਚੇ ਵੀ ਘਟਾਏ ਸਨ ਅਤੇ ਹੁਣ ਉਸਦੀ ਫਸਲ ਖਡ਼ੀ ਵੀ ਬਹੁਤ ਚੰਗੀ ਹੈ ਤਾਂ ਉਨਾਂ ਦੇ ਮਨਾਂ ਦੇ ਵਹਿਮ ਦੂਰ ਹੁੰਦੇ ਹਨ। ਉਨਾਂ ਨੇ ਕਿਹਾ ਕਿ ਪਰਾਲੀ ਨੂੰ ਬਿਨਾਂ ਸਾਡ਼ੇ ਕਣਕ ਦੀ ਬਿਜਾਈ ਦੀਆਂ ਤਕਨੀਕਾਂ ਪੂਰੀ ਤਰਾਂ ਨਾਲ ਕਾਮਯਾਬ ਹਨ ਪਰ ਕਿਸਾਨਾਂ ਨੇ ਇੰਨਾਂ ਨੂੰ ਆਪਣੀ ਅੱਖੀਂ ਨਹੀਂ ਵੇਖਿਆ ਸੀ ਇਸ ਲਈ ਉਨਾਂ ਦੇ ਮਨਾਂ ਵਿਚ ਭਰਮ ਭੁਲੇਖੇ ਸਨ ਜਦ ਕਿ ਹੁਣ ਜਦ ਉਹ ਖੁਦ ਅਜਿਹੇ ਕਿਸਾਨਾਂ ਦੇ ਖੇਤ ਵੇਖਦੇ ਹਨ ਤਾਂ ਉਨਾਂ ਦੇ ਇਹ ਵਹਿਮ ਦੂਰ ਹੋ ਰਹੇ ਹਨ। ਸ੍ਰੀ ਬਲਜਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾਡ਼ਨ ਤੇ ਲਗਾਈ ਰੋਕ ਦੇ ਮੱਦੇਨਜ਼ਰ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਕਿਸਾਨਾਂ ਦੇ ਖਰਚੇ ਘਟਦੇ ਹਨ, ਖੇਤ ਵਿਚ ਨਦੀਨ ਘੱਟ ਉਗਦੇ ਹਨ ਅਤੇ ਝਾਡ਼ ਤੇ ਕੋਈ ਅਸਰ ਨਹੀਂ ਹੁੰਦਾ ਹੈ। 
ਵਿਭਾਗ ਵੱਲੋਂ ਲਗਾਏ ਜਾ ਰਹੇ ਹਨ ਕੈਂਪ
ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਨੇ ਸਾਰੇ ਪਿੰਡਾਂ ਵਿਚ ਕੈਂਪ ਲਗਾਉਣ ਦਾ ਨਿਰਣਾ ਕੀਤਾ ਹੈ। ਜ਼ਿਲਾ ਖੇਤੀਬਾਡ਼ੀ ਅਫ਼ਸਰ ਬਲਜਿੰਦਰ ਸਿੰਘ ਅਨੁਸਾਰ ਵਿਭਾਗ ਵੱਲੋਂ ਹੁਣ ਤੱਕ 17 ਕੈਂਪ ਲਗਾਏ ਜਾ ਚੁੱਕੇ ਹਨ। ਉਨਾਂ ਨੇ ਕਿਹਾ ਕਿ ਇਕ ਕੈਂਪ ਵਿਚ ਚਾਰ ਪਿੰਡਾਂ ਦੇ ਕਿਸਾਨਾਂ ਨੂੰ ਇੱਕਤਰ ਕੀਤਾ ਜਾਂਦਾ ਹੈ। ਉਨਾਂ ਨੇ ਕਿਹਾ ਕਿ 31 ਮਾਰਚ ਤੱਕ 62 ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਨਤੀਜੇ ਸਮਝਾਏ ਜਾਣਗੇ। ਉਨਾਂ ਕਿਹਾ ਕਿ ਨਵੀਂ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਦੀਆਂ ਮੁਸਕਿਲਾਂ ਦਾ ਹੱਲ ਵੀ ਇੰਨਾਂ ਕੈਂਪਾਂ ਵਿਚ ਕੀਤਾ ਜਾ ਰਿਹਾ ਹੈ। 
ਖੇਤੀਬਾਡ਼ੀ ਵਿਭਾਗ ਦੀ ਝਾਂਕੀ ਰਹੀ ਖਿੱਚ ਦਾ ਕੇਂਦਰ
ਜ਼ਿਲਾ ਪੱਧਰੀ ਗਣਤੰਤਰ ਦਿਵਸ ਮੌਕੇ ਖੇਤੀਬਾਡ਼ੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਝਾਂਕੀ ਸਜਾਈ ਗਈ ਸੀ। ਇਹ ਝਾਂਕੀ ਬਹੁਤ ਪਸੰਦ ਕੀਤੀ ਗਈ ਅਤੇ ਇਸਨੇ ਤੀਜਾ ਸਥਾਨ ਹਾਸਲ ਕੀਤਾ। ਇਸ ਝਾਂਕੀ ਵਿਚ ਪਰਾਲੀ ਨੂੰ ਸਾਡ਼ਨ ਦੇ ਨੁਕਸਾਨ ਅਤੇ ਇਸ ਨੂੰ ਬਿਨਾਂ ਸਾਡ਼ੇ ਕਣਕ ਦੀ ਬਿਜਾਈ ਕਰਨ ਦੇ ਸੁਧਰੇ ਢੰਗ ਦਰਸਾਏ ਗਏ ਸਨ। ਇਸ ਲਈ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਵਿਭਾਗ ਨੂੰ ਸਨਮਾਨਿਤ ਵੀ ਕੀਤਾ।
ਜ਼ਿਲੇ ਵਿਚ ਵੰਡੀ 7.55 ਕਰੋਡ਼ ਦੀ ਖੇਤੀ ਸੰਦ ਸਬਸਿਡੀ
ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਸ: ਕਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸਭ ਤੋਂ ਵੱਧ ਖੇਤੀ ਸੰਦ ਕਿਸਾਨਾਂ ਨੂੰ ਸਬਸਿਡੀ ਤੇ ਮੁਹਈਆ ਕਰਵਾਏ ਗਏ ਹਨ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ 971 ਖੇਤੀ ਸੰਦ ਮੁਹਈਆ ਕਰਵਾਏ ਗਏ ਹਨ ਤਾਂ ਜੋ ਕਿਸਾਨਾਂ ਪਰਾਲੀ ਨੂੰ ਬਿਨਾਂ ਸਾਡ਼ੇ ਕਣਕ ਦੀ ਬਿਜਾਈ ਕਰ ਸਕਨ। ਇਸ ਤਹਿਤ ਜ਼ਿਲੇ ਵਿਚ ਕਿਸਾਨਾਂ ਨੂੰ 7 ਕਰੋਡ਼ 55 ਲੱਖ 57 ਹਜਾਰ 906 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਮੁਹਈਆ ਕਰਵਾਈ ਗਈ ਹੈ।
Powered by Blogger.