ਤਪਾ ਮੰਡੀ- (ਹਨੀ ਭਾਟੀਆ) ਆਮ ਆਦਮੀ ਪਾਰਟੀ ਇਕੱਲਿਆਂ ਹੀ ਲੋਕ ਸਭਾ ਚੋਣਾਂ ਆਪਣੇ ਦਮ 'ਤੇ ਲੜੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹਲਕੇ ਦੇ ਪਿੰਡਾਂ 'ਚ ਸੰਬੋਧਨ ਕਰਦਿਆਂ ਨੇੜਲੇ ਪਿੰਡ ਘੁੰਨਸ 'ਚ ਲੋਕ ਸਭਾ ਚੋਣਾਂ ਦਾ ਵਿਗਲ ਵਜਾਉਂਦਿਆਂ ਕੀਤਾ। ਮਾਨ ਨੇ ਕਿਹਾ ਕਿ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਆਪ ਪਾਰਟੀ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ ਕਿਉਂਕਿ ਕਾਂਗਰਸ ਅਤੇ ਅਕਾਲੀ ਦੋਵੇਂ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੂਬੇ ਦੀ ਜਨਤਾ ਨੂੰ ਗੁਮਰਾਹ ਕਰਨ 'ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਝੂਠੇ ਵਾਅਦੇ ਅਤੇ ਝੂਠੇ ਲਾਰੇ ਲਗਾ ਕੇ ਗੁਮਰਾਹ ਕਰਕੇ ਸੱਤਾ ਸੰਭਾਲ ਲਈ ਅਤੇ ਕੈਪਟਨ ਨੇ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਹਜ਼ਾਰਾ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖ਼ੁਦਕੁਸ਼ੀ ਕਰ ਰਹੇ ਹਨ।