ਰਜਿਸਟਰਾਂ ਦਾ ਘਟੇਗਾ ਬੋਝ, ਪੜਾਉਣ ਨੂੰ ਮਿਲੇਗਾ ਵੱਧ ਸਮਾਂ
ਸ੍ਰੀ ਮੁਕਤਸਰ ਸਾਹਿਬ-
ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਦੀ ਅਗਵਾਈ ਵਿਚ ਵਿਭਾਗ ਵੱਲੋਂ ਲਾਗੂ ਕੀਤੀ ਮਿੱਡ ਡੇਅ ਮੀਲ ਮੋਬਾਇਲ ਐਪ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਬਹੁਤ ਹੀ ਸਾਰਥਕ ਨਤੀਜੇ ਨਿਕਲਣ ਲੱਗੇ ਹਨ। ਇਸ ਮੋਬਾਇਲ ਐਪ ਦੇ ਸ਼ੁਰੂ ਹੋ ਜਾਣ ਨਾਲ ਹੁਣ ਅਧਿਆਪਕਾਂ ਲਈ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਰਿਪੋਰਟ ਆਪਣੇ ਮੁੱਖ ਦਫ਼ਤਰ ਨੂੰ ਭੇਜਣੀ ਬਹੁਤ ਸੁਖਾਲੀ ਹੋ ਗਈ ਹੈ। ਇਸ ਨਾਲ ਭਵਿੱਖ ਵਿਚ ਮਿੱਡ ਡੇਅ ਮੀਲ ਦੇ ਲੰਬੇ ਚੌੜੇ ਰਜਿਟਰ ਤਿਆਰ ਕਰਨ ਤੋਂ ਵੀ ਰਾਹਤ ਮਿਲੇਗੀ।
ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਇਸ ਪ੍ਰੋਜੈਕਟ ਨੂੰ ਸਫਲਤਾ ਨਾਲ ਲਾਗੂ ਕੀਤਾ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸਾਰੇ ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ ਸਕੂਲਾਂ ਜਿੰਨਾਂ ਵਿਚ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ, ਦੇ ਮਿੱਡ ਡੇਅ ਮੀਲ ਦੇ ਪ੍ਰੋਗਰਾਮ ਦੇ ਇੰਚਾਰਜ ਅਧਿਆਪਕ ਨੂੰ ਇਕ ਯੁਜਰ ਆਈ ਡੀ ਅਤੇ ਪਾਸਵਰਡ ਦਿੱਤਾ ਗਿਆ ਹੈ। ਜਦ ਕਿ ਈ ਪੰਜਾਬ ਪੋਰਟਲ ਨਾਲ ਜੁੜੇ ਹੋਣ ਕਾਰਨ ਮੋਬਾਇਲ ਐਪ ਵਿਚ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਤੋਂ ਹੀ ਅੰਕਿਤ ਹੁੰਦੀ ਹੈ। ਉਨਾਂ ਕਿਹਾ ਕਿ ਇਸ ਨਾਲ ਅਧਿਆਪਕਾਂ ਦਾ ਰਿਪੋਰਟ ਭੇਜਣ ਦਾ ਬੋਝ ਬਹੁਤ ਘੱਟ ਗਿਆ ਹੈ ਅਤੇ ਹੁਣ ਇੰਚਾਰਚ ਅਧਿਆਪਕ ਨੇ ਸਿਰਫ ਆਪਣੇ ਸਕੂਲ ਦੇ ਕੁੱਲ ਹਾਜਰ ਵਿਦਿਆਰਥੀਆਂ ਦੀ ਗਿਣਤੀ ਹੀ ਐਪ ਵਿਚ ਭਰਨੀ ਹੈ ਅਤੇ ਸਬਮਿੱਟ ਕਰ ਦੇਣਾ ਹੈ। ਮੋਬਾਇਲ ਐਪ ਬੱਚਿਆਂ ਦੀ ਗਿਣਤੀ ਅਨੁਸਾਰ ਖਾਣਾ ਪਕਾਉਣ ਦਾ ਖਰਚਾ ਅਤੇ ਅਨਾਜ ਦੀ ਮਾਤਰਾ ਸਟਾਕ ਵਿਚੋਂ ਘਟਾ ਕੇ ਬਕਾਇਆ ਰਕਮ ਅਤੇ ਅਨਾਜ ਦੀ ਮਾਤਰਾ ਅਨੁਸਾਰ ਸਟਾਕ ਕੱਢ ਦਿੰਦੀ ਹੈ। ਇਸ ਤਰਾਂ ਹੋਣ ਨਾਲ ਭਵਿੱਖ ਵਿਚ ਲੰਬੇ ਚੌੜੇ ਰਜਿਸਟਰ ਤਿਆਰ ਨਹੀਂ ਕਰਨੇ ਪੈਣਗੇ ਅਤੇ ਸਾਰਾ ਰਿਕਾਰਡ ਆਨ ਲਾਈਨ ਉਪਲਬੱਧ ਹੋ ਜਾਵੇਗਾ। ਉਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਸੂਬੇ ਦਾ ਪਹਿਲਾ ਅਜਿਹਾ ਜ਼ਿਲਾ ਹੈ ਜਿੱਥੇ ਸਾਰੇ ਸਕੂਲਾਂ ਵਿਚ ਇਹ ਪ੍ਰੋਜੈਕਟ ਲਾਗੂ ਹੋ ਗਿਆ ਹੈ ਅਤੇ ਰੋਜ਼ਾਨਾ ਅਧਾਰ ਤੇ ਰਿਪੋਟ ਆ ਰਹੀ ਹੈ।
ਇਸ ਸਬੰਧੀ ਪਿੰਡ ਭੁੱਲਰ ਬ੍ਰਾਂਚ ਦੇ ਮੁੱਖ ਅਧਿਆਪਕ ਨਵਦੀਪ ਸੁੱਖੀ ਆਖਦੇ ਹਨ ਕਿ ਹੁਣ ਅਧਿਆਪਕਾਂ ਲਈ ਬੱਚਿਆਂ ਨੂੰ ਪੜਾਉਣ ਲਈ ਵਧੇਰੇ ਸਮਾਂ ਹੁੰਦਾ ਹੈ ਅਤੇ ਇਕ ਕਲਿੱਕ ਨਾਲ ਰਿਪੋਟ ਚਲੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਇਸ ਨਾਲ ਸਕੂਲ ਪ੍ਰਬੰਧਨ ਅਸਾਨ ਹੋਇਆ ਹੈ। ਇਸ ਵਿਚ ਇਕ ਵਾਰ ਮੁੱਢਲਾ ਸਟਾਕ ਭਰਨਾ ਹੁੰਦਾ ਹੈ ਜਦੋਂ ਸਕੂਲ ਵਿਚ ਨਵਾਂ ਅਨਾਜ ਜਾਂ ਖਾਣਾ ਪਕਾਉਣ ਦੇ ਫੰਡ ਆਉਂਦੇ ਹਨ ਉਹ ਐਡ ਕਰਨੇ ਹੁੰਦੇ ਹਨ ਜਦ ਕਿ ਰੋਜਾਨਾ ਅਧਾਰ ਤੇ ਸਿਰਫ ਬੱਚਿਆਂ ਦੀ ਗਿਣਤੀ ਹੀ ਭਰਨੀ ਹੁੰਦੀ ਹੈ।
ਬਾਕਸ ਲਈ ਪ੍ਰਸਤਾਵਿਤ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 63 ਹਜਾਰ ਵਿਦਿਆਰਥੀਆਂ ਨੂੰ ਮਿਲਦਾ ਹੈ ਦੁਪਹਿਰ ਦਾ ਖਾਣਾ
ਮਿੱਡ ਡੇਅ ਮੀਲ ਸਕੀਮ ਦੇ ਜ਼ਿਲਾ ਲੇਖਾਕਾਰ ਸ੍ਰੀ ਰਾਹੁਲ ਬਖ਼ਸੀ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 329 ਪ੍ਰਾਈਮਰੀ ਅਤੇ 228 ਅਪਰ ਪ੍ਰਾਈਮਰੀ ਸਕੂਲਾਂ ਸਮੇਤ ਕੁੱਲ 557 ਸਕੂਲਾਂ ਵਿਚ ਦੁਪਹਿਰ ਦਾ ਖਾਣਾ ਪਕਾਇਆ ਜਾਂਦਾ ਹੈ। ਪ੍ਰਾਈਮਰੀ ਸਕੂਲਾਂ ਵਿਚ 37099 ਅਤੇ ਅਪਰ ਪ੍ਰਾਈਮਰੀ ਸਕੂਲਾਂ ਵਿਚ 25996 ਬੱਚਿਆਂ ਸਮੇਤ ਰੋਜ਼ਾਨਾ 63095 ਬੱਚੇ ਸਕੂਲਾਂ ਵਿਚ ਦੁਪਹਿਰ ਦਾ ਭੋਜਨ ਖਾਂਦੇ ਹਨ। ਪ੍ਰਾਈਮਰੀ ਜਮਾਤਾਂ ਦੇ ਬੱਚੇ ਨੂੰ ਰੋਜਾਨਾ 100 ਗ੍ਰਾਮ ਅਤੇ ਅਪਰ ਪ੍ਰਾਈਮਰੀ ਜਮਾਤਾਂ ਦੇ ਬੱਚੇ ਨੂੰ ਰੋਜਾਨਾ 150 ਗ੍ਰਾਮ ਅਨਾਜ ਤੋਂ ਭੋਜਨ ਤਿਆਰ ਕਰਕੇ ਖੁਆਇਆ ਜਾਂਦਾ ਹੈ ਜਦ ਕਿ ਭੋਜਣ ਪਕਾਉਣ ਦੀ ਸਮੱਗਰੀ ਲਈ ਪ੍ਰਾਈਮਰੀ ਜਮਾਤਾਂ ਲਈ ਪ੍ਰਤੀ ਬੱਚਾ 4.35 ਰੁਪਏ ਅਤੇ ਅਪਰ ਪ੍ਰਾਈਮਰੀ ਜਮਾਤਾਂ ਲਈ 6.51 ਰੁਪਏ ਪ੍ਰਤੀ ਬੱਚਾ ਖਰਚ ਸਰਕਾਰ ਦਿੰਦੀ ਹੈ। ਇਸ ਤੋਂ ਬਿਨਾਂ ਜ਼ਿਲੇ ਦੇ ਸਕੂਲਾਂ ਵਿਚ 1396 ਕੁੱਕ ਕਮ ਹੈਲਪਰ ਵੀ ਤਾਇਨਾਤ ਕੀਤੇ ਗਏ ਹਨ।