ਨਗਰ ਕੌਂਸਲ ਨੇ ਛਾਪਾਮਾਰੀ ਕਰਕੇ 33 ਕਿਲੋ ਪਾਬੰਦੀਸੁਦਾ ਪੋਲੀਥੀਨ ਦੇ ਲਿਫਾਫੇ ਕੀਤੇ ਜਬਤ


ਸ੍ਰੀ ਮੁਕਤਸਰ ਸਾਹਿਬ-‘ਮੇਰਾ ਮੁਕਤਸਰ ਮੇਰਾ ਮਾਣ’ ਅਭਿਆਨ ਤਹਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਦੀ ਟੀਮ ਨੇ ਅੱਜ ਸ਼ਹਿਰ ਵਿਚ ਛਾਪਾਮਾਰੀ ਕਰਕੇ ਇਕ ਦੁਕਾਨ ਤੋਂ 33 ਕਿਲੋ ਪਾਬੰਦੀਸੁਦਾ ਪੋਲੀਥੀਨ ਦੇ ਲਿਫਾਫੇ ਜਬਤ ਕੀਤੇ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਵਿਪਨ ਕੁਮਾਰ ਨੇ ਦੱਸਿਆ ਕਿ ਨਗਰ ਕੋਂਸ਼ਲ ਦੀ ਟੀਮ ਨੇ ਸੈਨੇਟਰੀ ਇੰਸਪੈਕਟਰ ਸ: ਪਰਮਜੀਤ ਸਿੰਘ ਦੀ ਅਗਵਾਈ ਵਿਚ ਰੂਬੀ ਪਲਾਸਟਿਕ ਸਟੋਰ, ਮਾਲ ਗੋਦਾਮ ਰੋਡ ਤੇ ਔਚਕ ਛਾਪਾ ਮਾਰ ਕੇ ਇਹ ਬਰਾਮਦਗੀ ਕੀਤੀ ਹੈ। ਟੀਮ ਵਿਚ ਗੁਰਪੁਨੀਤ ਕੌਰ ਅਤੇ ਗੁਰਮੀਤ ਕੌਰ ਵੀ ਸ਼ਾਮਿਲ ਸਨ। ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੌਲੀਥੀਨ ਦੀ ਖਰੀਦ, ਨਿਰਮਾਣ, ਵੇਚ ਅਤੇ ਵਰਤੋਂ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਜ਼ਿਲਾ ਪ੍ਰਸਾਸ਼ਨ ਅਤੇ ਨਗਰ ਕੌਂਸਲ ਵੱਲੋਂ ਪਿੱਛਲੇ ਕਈ ਮਹੀਨਿਆਂ ਤੋਂ ਪੌਲੀਥੀਨ ਦੇ ਲਿਫਾਫੇ ਬੰਦ ਕਰਨ ਲਈ ਜਨ ਜਾਗਰੂਕਤਾ ਲਈ ਮੁਹਿੰਮ ਚਲਾਈ ਗਈ ਸੀ ਤਾਂ ਕਿ ਦੁਕਾਨਦਾਰ ਵੀ ਇੰਨਾਂ ਦੀ ਵਰਤੋਂ ਬੰਦ ਕਰ ਦੇਣ ਪਰ ਹਾਲੇ ਵੀ ਕੁਝ ਲੋਕ ਪਾਬੰਦੀਸੁਦਾ ਪੌਲੀਥੀਨ ਦੀ ਵਿਕਰੀ ਸ਼ਹਿਰ ਵਿਚ ਕਰ ਰਹੇ ਹਨ। ਉਨਾਂ ਨੇ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕੋਈ ਵੀ ਬਖ਼ਸਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਅੱਜ ਹੋਈ ਬਰਾਮਦਗੀ ਦੇ ਮਾਮਲੇ ਵਿਚ ਸਬੰਧਤ ਦਾ ਚਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਲਈ ਪੁਲਿਸ ਵਿਭਾਗ ਨੂੰ ਵੀ ਲਿਖ ਦਿੱਤਾ ਗਿਆ ਹੈ।
Powered by Blogger.