ਸਬ ਹੈਲਥ ਸੈਂਟਰ ਰੁਪਾਣਾ ‘ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ


ਮਲੋਟ (ਬਿਓਰੋ)- ਪੰਜਾਬ ਸਰਕਾਰ ਵੱਲੋਂ ਹਰ ਪਿੰਡ ਵਿੱਚ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ ਡਿਸਪੈਂਸਰੀਆਂ ਅਤੇ ਸਬ ਹੈਲਥ ਸੈਂਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਹਨਾਂ ਡਿਸਪੈਂਸਰੀਆਂ ਵਿੱਚ ਹਾਲੇ ਵੀ ਡਾਕਟਰਾਂ, ਫਾਰਮਾਸਿਸਟਾਂ ਆਦਿ ਕਮੀ ਰੜਕ ਰਹੀ ਹੈ। ਇਸ ਦੀ ਉਦਾਹਰਨ ਵੱਡੀ ਅਬਾਦੀ ਵਾਲੇ ਪਿੰਡ ਰੁਪਾਣਾ ਤੋਂ ਮਿਲਦੀ ਹੈ ਜਿੱਥੇ ਸਿਹਤ ਸੇਵਾਵਾਂ ਦੇਣ ਲਈ ਸਬ ਹੈਲਥ ਸੈਂਟਰ ਬਣਿਆ ਹੋਇਆ ਇੱਥੇ ਨਾ ਪੂਰੀਆਂ ਦਵਾਈਆਂ ਮਿਲਦੀਆਂ ਹਨ ਅਤੇ ਨਾ ਹੀ ਹਫ਼ਤੇ ਭਰ ਲਈ ਕੋਈ ਡਾਕਟਰ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਬਣੇ ਸਬ ਸੈਂਟਰ ਵਿੱਚ ਸਿਰਫ਼ ਇੱਕ ਹੀ ਡਾਕਟਰ ਹਨ ਜੋ ਕਿ ਹਫ਼ਤੇ ਵਿੱਚ ਦੋ ਦਿਨ ਹੀ ਬੈਠਦੇ ਹਨ। ਇਸ ਤੋਂ ਇਲਾਵਾ ਇੱਕ ਫਾਰਮਾਸਿਸਟ ਹੈ ਜਿਸ ਦੀ ਡਿਊਟੀ ਵੀ ਵਿਭਾਗ ਵੱਲੋਂ ਸਰਕਾਰੀ ਕੈਂਪਾਂ ਆਦਿ ਵਿੱਚ ਲਗਾਈ ਜਾ ਰਹੀ ਹੈ। ਜਿਸ ਕਾਰਨ ਪਿੰਡ ਵਿੱਚ ਸਿਹਤ ਸੇਵਾਵਾਂ ਦਾ ਹਾਲ ਮਾੜਾ ਹੈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਵਾਸੀਆਂ ਦੀ ਸ਼ਿਕਾਇਤ ਆਈ ਸੀ ਕਿ ਪਿੰਡ ਵਾਸੀਆਂ ਨੂੰ ਨਾ ਤਾਂ ਦਵਾਈਆਂ ਮੁਹੱਈਆ ਹੋ ਰਹੀਆਂ ਹਨ ਅਤੇ ਨਾ ਹੀ ਬਿਮਾਰੀਆਂ ਦੇ ਇਲਾਜ਼ ਲਈ ਕੋਈ ਡਾਕਟਰ ਇਸ ਸੈਂਟਰ ਵਿੱਚ ਪੂਰੇ ਹਫ਼ਤੇ ਬੈਠਦਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਿਹਤ ਵਿਭਾਗ ਨੂੰ ਇਸ ਸਬੰਧੀ ਗੱਲਬਾਤ ਕਰਕੇ ਪਿੰਡ ਵਿੱਚ ਪੱਕੇ ਤੌਰ ‘ਤੇ ਡਾਕਟਰ ਅਤੇ ਦਵਾਈਆਂ ਮੁੱਹਈਆ ਕਰਵਾਉਣ ਲਈ ਮੰਗ ਕੀਤੀ ਜਾਵੇਗੀ।
Powered by Blogger.