ਜ਼ਿਲਾ ਪੁਲਿਸ ਦੀ ਟੀਮ ਵੱਲੋਂ ਰਾਤ ਸਮੇਂ ਪਿੰਡ ਭਾਗਸਰ ਵਿਖੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ


ਸ੍ਰੀ ਮੁਕਤਸਰ ਸਾਹਿਬ (ਅਰੋੜਾ/ਮਨਜੀਤ ਸਿੱਧੂ) ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਲੋਕਾਂ ਨੂੰ ਸੜਕ ਦੁਰਘਟਨਾਵਾਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲਾ ਪੁਲਿਸ ਮੁਖੀ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜ਼ਿਲੇ ਅੰਦਰ ਅਲੱਗ-ਅਲੱਗ ਟੀਮਾਂ ਬਣਾ ਕੇ ਸਕੂਲਾਂ ਕਾਲਜਾਂ ਅਤੇ ਰਾਤ ਸਮੇਂ ਪਿੰਡਾਂ ਸ਼ਹਿਰਾਂ ਅਤੇ ਮੁਹੱਲਿਆਂ ਵਿੱਚ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ, ਨਾਲ ਹੀ ਜਿਹੜੇ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੇ ਹਨ ਤੇ ਨਸ਼ੇ ਛੱਡਣਾ ਚਾਹੁੰਦੇ ਹਨ, ਉਨਾਂ ਦਾ ਇਲਾਜ ਮੁਫਤ ਵਿੱਚ ਕਰਵਾ ਕੇ ਦਿੱਤਾ ਜਾ ਰਿਹਾ ਹੈ ਤੇ ਉਨਾਂ ਦਾ ਨਾਮ ਗੁਪਤ ਰੱਖਿਆ ਜਾ ਰਿਹਾ ਹੈ। ਮੁੱਖ ਅਫਸਰ ਥਾਣਾ ਲੱਖੇਵਾਲੀ ਸਰਦਾਰ ਤੇਜਿੰਦਰਪਾਲ ਸਿੰਘ ਅਤੇ ਨਸ਼ਾ ਵਿਰੋਧੀ ਟੀਮ ਦੇ ਇੰਚਾਰਜ ਏਐਸਆਈ ਗੁਰਾਂਦਿੱਤਾ ਸਿੰਘ ਵੱਲੋਂ ਪਿੰਡ ਭਾਗਸਰ ਵਿਖੇ ਸਰਕਾਰੀ ਧਰਮਸ਼ਾਲਾ ਵਿੱਚ ਨਸ਼ਿਆਂ ਦੀ ਦਲ-ਦਲ ਵਿੱਚ ਫਸ ਰਹੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਸੈਮੀਨਾਰ ਲਗਾਇਆ ਗਿਆ। ਇਹ ਸੈਮੀਨਾਰ ਲੋਕ ਭਲਾਈ ਕਲੱਬ ਰਹੂੜਿਆਂਵਾਲੀ ਦੇ ਸਰਪ੍ਰਸਤ ਜਰਨੈਲ ਸਿੰਘ ਬੱਲਮਗੜ, ਪ੍ਰਧਾਨ ਜੱਸਲ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇੱਥੇ ਇੰਸਪੈਕਟਰ ਤੇਜਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਦੇ ਸਰੀਰਿਕ ਅਤੇ ਮਾਨਸਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਸਾਡੇ ਪਰਿਵਾਰ ਰੁਲ ਜਾਂਦੇ ਹਨ। ਨਸ਼ਿਆਂ ਤੋਂ ਬਚਣ ਦੇ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ। ਏ.ਐੱਸ.ਆਈ ਕਾਸਮ ਅਲੀ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਸੜਕ ਦੁਰਘਟਨਾਵਾਂ ਦੇ ਵਿੱਚ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਤੇ ਤੁਹਾਡੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਸਗੋਂ ਤੁਹਾਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਨਾਇਬ ਸਿੰਘ ਵੱਲੋਂ ਨਸਅਿਾਂ ਦੇ ਮਾੜੇ ਪ੍ਰਭਾਵਾਂ ਬਾਰੇ ਗੀਤ ਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਅਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤੋਂ ਬਾਅਦ ਪ੍ਰਾਜੈਕਟ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਹੋਣ ਵਾਲੇ ਨੁਕਸਾਨਾਂ ਵਾਲੀਆਂ ਫਿਲਮਾਂ ਵਿਖਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਲੋਕ ਭਲਾਈ ਕਲੱਬ ਦੇ ਮੈਂਬਰਾਂ ਵੱਲੋਂ ਆਈ ਹੋਈ ਪੁਲਿਸ ਟੀਮ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ, ਬੂਟਾ ਸਿੰਘ, ਬਲਰਾਜ ਸਿੰਘ, ਛਿੰਦਰ ਸਿੰਘ, ਮੇਜਰ ਸਿੰਘ, ਬੇਅੰਤ ਸਿੰਘ, ਦਰਸਨ ਸਿੰਘ, ਬਲਦੇਵ ਸਿੰਘ, ਸੁਖਜਿੰਦਰ ਸਿੰਘ, ਬਗੀਚਾ ਸਿੰਘ, ਸੱਤਾ ਸਿੰਘ ਆਦਿ ਹਾਜਰ ਸਨ।
Powered by Blogger.