ਪੰਜਾਬ ਦੇ ਕਾਲਜਾਂ 'ਚ ਲੱਚਰ, ਨਸ਼ਿਆਂ ਤੇ ਹਥਿਆਰਾਂ ਵਾਲੇ ਗਾਣੇ ਚਲਾਉਣ 'ਤੇ ਪਾਬੰਦੀ


ਐੱਸ. ਏ. ਐੱਸ. ਨਗਰ- ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਵਲੋਂ ਪੰਜਾਬ ਦੇ ਸਮੁੱਚੇ ਸਰਕਾਰੀ ਕਾਲਜਾਂ ਦੇ ਪਿ੍ੰਸੀਪਲਾਂ ਨੂੰ ਪੱਤਰ ਭੇਜ ਕੇ ਕਾਲਜਾਂ ਵਿਚ ਲੱਚਰ, ਨਸ਼ਿਆਂ ਅਤੇ ਹਥਿਆਰਾਂ ਵਾਲੇ ਗਾਣੇ ਚਲਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਂ-ਬੋਲੀ ਪੰਜਾਬੀ ਦੀ ਪ੍ਰਫੁੱਲਤਾ ਤੇ ਵਿਕਾਸ ਲਈ ਸੰਘਰਸ਼ ਕਰ ਰਹੇ ਪੰਡਿਤ ਰਾਓ ਧਰੇਨਵਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੀ ਉਕਤ ਮਸਲੇ ਨੂੰ ਲੈ ਕੇ ਹਾਈਕੋਰਟ ਵਿਚ ਜਨ ਹਿਤ 'ਚ ਇਕ ਅਰਜ਼ੀ ਦਾਇਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਸਹਾਇਕ ਡਾਇਰੈਕਟਰ (ਸਿੱਖਿਆ) ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਕਾਲਜਾਂ ਦੇ ਪਿ੍ੰਸੀਪਲ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਕਾਲਜਾਂ ਵਿਚ ਹੁੰਦੇ ਸਮਾਗਮਾਂ ਦੌਰਾਨ ਲੱਚਰ, ਸ਼ਰਾਬ ਅਤੇ ਹਥਿਆਰਾਂ ਵਾਲੇ ਗਾਣੇ ਨਾ ਚਲਾਏ ਜਾਣ ਕਿਉਂਕਿ ਇਸ ਤਰ੍ਹਾਂ ਦੇ ਗਾਣਿਆਂ ਨਾਲ ਵਿਦਿਆਰਥੀਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਪੱਤਰ ਵਿਚ ਪਿ੍ੰਸੀਪਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਅਜਿਹੇ ਗਾਣੇ ਨਾ ਸੁਣਨ ਸਬੰਧੀ ਪ੍ਰੇਰਿਤ ਵੀ ਕਰਨ। ਇਸ ਦੇ ਨਾਲ ਸੁਪਰਡੈਂਟ ਗ੍ਰਾਂਟ 2 ਸ਼ਾਖਾ ਨੂੰ ਇਹ ਪੱਤਰ ਭੇਜ ਕੇ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਏਡਿਡ ਕਾਲਜਾਂ ਨੂੰ ਵੀ ਇਹ ਪੱਤਰ ਜਾਰੀ ਕਰਨ।
Powered by Blogger.