ਗਿੱਦੜਬਾਹਾ (ਅਰੋੜਾ) ਪਿੰਡ ਹੁਸਨਰ ਵਿਖੇ ਜੀਓ ਕੰਪਨੀ ਵਲੋਂ ਲਗਾਏ ਜਾ ਰਹੇ ਟਾਵਰ ਨੂੰ ਲੈ ਕੇ ਪਿੰਡ ਵਾਸੀ ਅਤੇ ਜੀਓ ਕੰਪਨੀ ਆਹਮੋ-ਸਾਹਮਣੇ ਹੋ ਗਏ। ਪਿੰਡ ਦੇ ਬਹਾਰ ਜਲ ਘਰ ਦੇ ਨੇੜੇ ਰਣਬੀਰ ਸਿੰਘ ਦੇ ਘਰ 'ਚ ਲਾਏ ਜਾ ਰਹੇ ਟਾਵਰ ਤੇ ਜਦ ਕੰਮ ਕਰਨ ਲਈ ਮਜ਼ਦੂਰ ਪਹੁੰਚੇ ਤਾਂ ਇਸ ਦੇ ਵਿਰੋਧ ਵਿਚ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਬ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ 'ਚ ਥਾਣਾ ਗਿੱਦੜਬਾਹਾ ਦੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ। ਮੌਕੇ ਦੀ ਨਿਯਾਕਤ ਨੂੰ ਸਮਝਦਿਆਂ ਮਜ਼ਦੂਰਾਂ ਵਲੋਂ ਕੰਮ ਬੰਦ ਕਰ ਦਿੱਤਾ ਗਿਆ। ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਜਗਜੀਤ ਸਿੰਘ, ਪੰਚ ਗੁਰਚਰਨ ਸਿੰਘ, ਪੰਚ ਗੁਰਸੇਵਕ ਸਿੰਘ, ਗੁਰਜੰਟ ਸਿੰਘ, ਪੰਚ ਗੁਰਮੀਤ ਸਿੰਘ, ਖੈਰੂ ਸਿੰਘ ਪੰਚ, ਹਰਗੋਬਿੰਦ ਸਿੰਘ, ਕਾਲਾ ਸਿੰਘ, ਹਰਮੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਟਾਵਰ ਪਿੰਡ ਦੀ ਅਬਾਦੀ ਦੇ ਬਿਲਕੁਲ ਨਾਲ ਲਾਇਆ ਜਾ ਰਿਹਾ ਹੈ, ਜਿਸ ਨਾਲ ਟਾਵਰ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਕਿਰਨਾਂ ਨਾਲ ਪਿੰਡ ਵਾਸੀਆਂ ਨੂੰ ਭਾਰੀ ਨੁਕਸਾਨ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸਬੰਧਿਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਉਕਤ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਟਾਵਰ ਨੂੰ ਆਬਾਦੀ ਨੇੜੇ ਨਾ ਲੱਗਣ ਦਿੱਤਾ ਜਾਵੇ। ਜਦ ਇਸ ਸਬੰਧੀ ਜੀਓ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਨਾਂਹ ਕਰਦਿਆਂ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਪਵੇਗੀ।