ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਮੱਦੇਨਜ਼ਰ ਰਹੇ ਚੌਕਸ- ਏ.ਡੀ.ਸੀ


ਸ੍ਰੀ ਮੁਕਤਸਰ ਸਾਹਿਬ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਰਿਚਾ ਆਈ.ਏ.ਐਸ ਨੇ ਅੱਜ ਸ਼ਹਿਰ ਦੇ ਨੀਵੇਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤ ਦੇ ਮੱਦੇਨਜ਼ਰ ਵਿਭਾਗ ਪੂਰੀ ਤਰਾਂ ਚੌਕਸ ਰਹੇ। ਉਹਨਾਂ ਨੇ ਕਿਹਾ ਕਿ ਜੇਕਰ ਹੋਰ ਬਰਸਾਤ ਆਉਂਦੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਨੀਵੇਂ ਇਲਾਕਿਆਂ ਵਿੱਚ ਪਾਣੀ ਨਾ ਭਰੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਹੋਵੇ। ਇਸ ਮੌਕੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਪੀ.ਐਸ ਧੰਜੂ ਨੇ ਦੱਸਿਆ ਕਿ ਵਿਭਾਗ ਵਲੋਂ ਸਾਰੇ ਇਲਾਕਿਆਂ ਵਿੱਚ ਚੌਕਸੀ ਰੱਖੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਜੋਧੂ ਕਲੋਨੀ ਸਮੇਤ ਸਾਰੇ ਨੀਵੇਂ ਇਲਾਕਿਆਂ ਲਈ ਵਿਭਾਗ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਨੇ ਇਹ ਵੀ ਦੱਸਿਆ ਕਿ ਲੋਕਾਂ ਵਲੋਂ ਸੁੱਟੇ ਜਾਂਦੇ ਪੋਲੀਥੀਨ ਦੇ ਲਿਫਾਫਿਆਂ ਕਾਰਨ ਸੀਵਰੇਜ ਜਾਮ ਹੋ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਰਿਚਾ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੋਲੀਥੀਨ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਗਲੀਆ-ਬਜ਼ਾਰਾਂ ਵਿੱਚ ਪੋਲੀਥੀਨ ਨਾ ਸੁੱਟਿਆ ਜਾਵੇ, ਕਿਉਂਕਿ ਇਸ ਤਰਾਂ ਪੋਲੀਥੀਨ ਸਾਡੇ ਚੌਗਿਰਦੇ ਨੂੰ ਹੀ ਗੰਦਾ ਨਹੀਂ ਕਰਦਾ ਸਗੋਂ ਸੀਵਰੇਜ ਜਾਮ ਦਾ ਕਾਰਨ ਬਣ ਕੇ ਸ਼ਹਿਰ ਦੀ ਜਲ ਨਿਕਾਸੀ ਵਿਵਸਥਾ ਨੂੰ ਵੀ ਨਕਾਰਾ ਕਰ ਦਿੰਦਾ ਹੈ। ਉਹਨਾਂ ਨੇ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਮੇਰਾ ਮੁਕਤਸਰ ਮੇਰਾ ਮਾਣ ਅਭਿਆਨ ਇਸ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਲੋਕਾਂ ਨੂੰ ਆਪਣੇ ਸ਼ਹਿਰ ਦੀ ਸਵੱਛਤਾ ਦੀ ਮੁਹਿੰਮ ਨਾਲ ਜੋੜਿਆ ਜਾ ਸਕੇ।
Powered by Blogger.