ਲੋਕ ਸਭਾ ਚੋਣਾਂ ਦੌਰਾਨ ਹਰ ਇਕ ਗਤੀਵਿਧੀ ਤੇ ਚੋਣ ਕਮਿਸ਼ਨ ਦੀ ਰਹੇਗੀ ਤਿੱਖੀ ਨਜ਼ਰ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਅੱਜ ਇੱਥੇ ਅਗਾਮੀ ਲੋਕ ਸਭਾ ਚੋਣਾਂ ਦੀਆਂ ਅਗੇਤੀਆਂ ਤਿਆਰੀਆਂ ਲਈ ਵੱਖ ਵੱਖ ਨੋਡਲ ਅਫ਼ਸਰਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਜ਼ਿਲੇ ਦੇ ਐਸ.ਐਸ.ਪੀ. ਸ੍ਰੀ ਮਨਜੀਤ ਸਿੰਘ ਢੇਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਐਚ.ਐਸ. ਸਰਾਂ ਵੀ ਹਾਜਰ ਸਨ। ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲਾ ਚੋਣ ਅਫ਼ਸਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਨੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਹਰ ਇਕ ਗਤੀਵਿਧੀ ਤੇ ਤਿੱਖੀ ਨਜ਼ਰ ਰਹੇਗੀ ਅਤੇ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸਹਾਇਕ ਖਰਚਾ ਨਿਗਰਾਨਾਂ ਦੀ ਨਿਯੁਕਤੀ ਜਲਦ ਕਰ ਦਿੱਤੀ ਜਾਵੇਗੀ ਜੋ ਕਿ ਖਰਚਾ ਨਿਗਰਾਨ ਨਾਲ ਊਮੀਦਵਾਰਾਂ ਦੇ ਚੋਣ ਖਰਚ ਦੀ ਨਿਗਰਾਨੀ ਰੱਖਣਗੇ। ਇਸੇ ਤਰਾਂ ਨਿਯਮਾਂ ਅਨੁਸਾਰ ਉਡਣ ਦਸਤੇ, ਵਿਡੀਓਗ੍ਰਾਫੀ ਟੀਮਾਂ, ਅਕਾਉਂਟਿੰਗ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਜਦ ਕਿ ਮੁੱਲ ਦੀਆਂ ਖਬਰਾਂ ਦੀ ਵੀ ਚੋਣ ਕਮਿਸ਼ਨ ਵੱਲੋਂ ਨਿਗਰਾਨੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰਾਂ ਨੂੰ ਮਤਦਾਨ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਵੀਪ ਪ੍ਰੋਜੈਕਟ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਇਸੇ ਤਰਾਂ ਸਰੀਰਕ ਤੌਰ ਤੇ ਅਪਾਹਜ ਵੋਟਰਾਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਨੂੰ ਆਪਣੇ ਵੋਟ ਹੱਕ ਦੀ ਵਰਤੋਂ ਵਿਚ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।
  ਹੈਲਪ ਲਾਇਨ ਨੰਬਰ ਸ਼ੁਰੂ : ਚੋਣ ਕਮਿਸ਼ਨ ਵੱਲੋਂ ਜ਼ਿਲਾ ਪੱਧਰ ਤੇ ਇਕ ਟੋਲ ਫ੍ਰੀ ਨੰਬਰ 1950 ਸ਼ੁਰੂ ਕੀਤਾ ਗਿਆ ਹੈ ਜੋ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ ਰਾਤ 9 ਵਜੇ ਤੱਕ ਚਾਲੂ ਰਹਿੰਦਾ ਹੈ ਜਦ ਕਿ ਚੋਣ ਜਾਬਤਾ ਲਾਗੂ ਹੋਣ ਤੇ ਇਹ 24 ਘੰਟੇ ਅਤੇ ਸੱਤੋ ਦਿਨ ਕੰਮ ਕਰੇਗਾ ਜਿੱਥੇ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
  ਸੀ ਵਿਜਿਲ ਮੋਬਾਇਲ ਐਪਲੀਕੇਸ਼ਨ ਰਾਹੀਂ ਆਮ ਨਾਗਰਿਕ ਵੀ ਰੱਖਣਗੇ ਚੌਕਸੀ : ਜ਼ਿਲਾ ਚੋਣ ਅਫ਼ਸਰ ਸ੍ਰੀ ਐਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸੀ ਵਿਜ਼ਿਲ ਨਾਂਅ ਦੀ ਮੋਬਾਇਲ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਰਾਹੀਂ ਦੇਸ਼ ਦਾ ਕੋਈ ਵੀ ਨਾਗਰਿਕ ਆਪਣੇ ਇਲਾਕੇ ਵਿਚ ਚੋਣ ਜਾਬਤੇ ਦੀ ਊਲੰਘਣਾ ਦੀ ਫੋਟੋ ਜਾਂ ਵਿਡੀਓ ਸਿੱਧੇ ਚੋਣ ਕਮਿਸ਼ਨ ਨੂੰ ਭੇਜ ਸਕੇਗਾ। ਇਹ ਭੇਜਣ ਵਾਲੇ ਤੇ ਨਿਰਭਰ ਕਰੇਗਾ ਕਿ ਉਹ ਆਪਣੀ ਪਹਿਚਾਣ ਪ੍ਰਗਟ ਕਰਨੀ ਚਾਹੁੰਦਾ ਹੈ ਜਾਂ ਨਹੀਂ। ਉਨਾਂ ਨੇ ਕਿਹਾ ਕਿ ਇਸ ਤਰਾਂ ਆਮ ਨਾਗਰਿਕਾਂ ਨੂੰ ਵੀ ਬਹੁਤ ਅਸਾਨੀ ਨਾਲ ਚੋਣ ਜਾਬਤੇ ਦੀ ਉਲੰਘਣਾਂ ਦੇ ਕੇਸਾਂ ਦੀ ਚੌਕਸੀ ਕਰਨ ਦਾ ਹੱਕ ਮਿਲ ਗਿਆ ਹੈ ਅਤੇ ਉਹ ਬਹੁਤ ਅਸਾਨ ਤਰੀਕੇ ਨਾਲ ਚੋਣ ਕਮਿਸਨ ਕੋਲ ਆਪਣੀ ਸ਼ਿਕਾਇਤ ਭੇਜ ਸਕਣਗੇ।
ਸੀ ਵਿਜਿਲ ਤੇ ਮਿਲੀ ਸ਼ਿਕਾਇਤ ਤੇ 100 ਮਿੰਟ ਵਿਚ ਹੋਵੇਗੀ ਕਾਰਵਾਈ : ਸੀ ਵਿਜਿਲ ਮੋਬਾਇਲ ਐਪਲੀਕੇਸ਼ਨ ਰਾਹੀਂ ਪ੍ਰਾਪਤ ਸ਼ਿਕਾਇਤ ਸਿੱਧੇ ਸਬੰਧਤ ਜ਼ਿਲੇ ਨੂੰ ਆਨਲਾਈਨ ਪ੍ਰਾਪਤ ਹੋਵੇਗੀ ਅਤੇ ਸਬੰਧਤ ਜ਼ਿਲੇ ਦੀ ਚੋਣ ਜਾਬਤਾ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਇਸਦੇ ਨਿਪਟਾਰੇ ਲਈ 100 ਮਿੰਟ ਦਾ ਸਮਾਂ ਮਿਲੇਗਾ। ਜ਼ਿਲੇ ਵਿਚ ਸਬੰਧਤ ਉਡਣ ਦਸਤੇ ਨੂੰ ਸਿਕਾਇਤ ਫਾਰਵਡਰ ਹੋਣ ਤੇ 15 ਮਿੰਟ ਦੇ ਅੰਦਰ ਉਡਣ ਦਸੱਤਾ ਘਟਨਾ ਵਾਲੀ ਥਾਂ ਤੇ ਪੁੱਜੇਗਾ ਅਤੇ ਉਥੇ ਪੁੱਜਣ ਤੇ 30 ਮਿੰਟ ਬਾਅਦ ਉਡਣ ਦਸਤਾ ਆਪਣੀ ਰਿਪੋਟ ਫਾਇਲ ਕਰੇਗਾ। ਇਸ ਤਰਾਂ ਸਾਰੀ ਪ੍ਰਕ੍ਰਿਆ 100 ਮਿੰਟ ਵਿਚ ਪੂਰੀ ਹੋਵੇਗੀ।
  ਬੈਠਕ ਵਿਚ ਇਹ ਅਧਿਕਾਰੀ ਰਹੇ ਹਾਜਰ : ਚੋਣ ਤਿਆਰੀਆਂ ਲਈ ਹੋਈ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸ: ਗੋਪਾਲ ਸਿੰਘ ਅਤੇ ਸ੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਜ਼ਿਲਾ ਮਾਲ ਅਫ਼ਸਰ ਸ: ਅਵਤਾਰ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਰੁਣ ਕੁਮਾਰ, ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ, ਕਾਰਜਕਾਰੀ ਇੰਜਨੀਅਰ ਸ੍ਰੀ ਪੀ.ਐਸ. ਧੰਜੂ ਆਦਿ ਵੀ ਹਾਜਰ ਸਨ।
Powered by Blogger.