ਸਾਡਾ ਸ਼ਹਿਰ ਸਾਡੀ ਜਿੰਮੇਵਾਰੀ ਦੀ ਭਾਵਨਾ ਪੈਦਾ ਹੋ ਰਹੀ ਹੈ : ਡਿਪਟੀ ਕਮਿਸ਼ਨਰ


ਸ੍ਰੀ ਮੁਕਤਸਰ ਸਾਹਿਬ- ਜ਼ਿਲਾ ਪ੍ਰਸਾਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਰੰਭ ਕੀਤੇ 'ਮੇਰਾ ਮੁਕਤਸਰ ਮੇਰਾ ਮਾਣ' ਅਭਿਆਨ ਦੀ ਵੇਬਸਾਇਟ ਤੇਜੀ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕਾਂ ਵਿਚ ਲੋਕ ਪ੍ਰਿਆ ਹੋ ਰਹੀ ਹੈ। ਇਸ ਵੇਬਸਾਇਟ ਰਾਹੀਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਾਸੀ ਸਿੱਧੇ ਤੌਰ ਤੇ ਇਸ ਅਭਿਆਨ ਨਾਲ ਜੁੜ ਰਹੇ ਹਨ ਅਤੇ ਆਪਣੇ ਆਪ ਨੂੰ ਆਪਣੇ ਸ਼ਹਿਰ ਦੀ ਸਵੱਛਤਾ ਲਈ ਸਮਰਪਿਤ ਕਰ ਰਹੇ ਹਨ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਦੱਸਿਆ ਕਿ ਮੇਰਾ ਮੁਕਤਸਰ ਮੇਰਾ ਮਾਣ ਪ੍ਰੋਜੈਕਟ ਸ਼ਹਿਰ ਦੇ ਲੋਕਾਂ ਦਾ ਆਪਣਾ ਪ੍ਰੋਜੈਕਟ ਹੈ ਅਤੇ ਇਹ ਪ੍ਰੋਜੈਕਟ ਲੋਕਾਂ ਵਿਚ 'ਸਾਡਾ ਸ਼ਹਿਰ, ਸਾਡੀ ਜਿੰਮੇਵਾਰੀ' ਦੀ ਭਾਵਨਾ ਪੈਦਾ ਕਰਨ ਵਿਚ ਸਹਾਈ ਸਿੱਧ ਹੋਇਆ ਹੈ। ਉਨਾਂ ਨੇ ਕਿਹਾ ਕਿ ਲੋਕ ਸਵੈ ਇੱਛੁਕ ਤੌਰ ਤੇ ਆਪਣੇ ਗਲੀ ਮੁਹੱਲੇ ਨੂੰ ਸਵੱਛ ਰੱਖਣ ਲਈ ਪ੍ਰੇਰਿਤ ਹੋ ਰਹੇ ਹਨ। ਉਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਵੇਬਸਾਇਟ www.meramuktsarmeramaan.com ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਆਪਣੇ ਗੱਲੀ ਮੁਹੱਲੇ ਵਿਚ ਚਲਾਏ ਜਾ ਰਹੇ ਸਫਾਈ ਅਭਿਆਨ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦ ਸ਼ਹਿਰ ਵਾਸੀ ਆਪਣੇ ਸ਼ਹਿਰ ਦੀ ਸਵੱਛਤਾ ਦਾ ਸੰਕਲਪ ਲੈਂਦੇ ਹਨ ਤਾਂ ਪ੍ਰਸਾਸ਼ਨ ਦੀ ਕਾਰਜ ਪ੍ਰਣਾਲੀ ਵਿਚ ਵੀ ਸੁਧਾਰ ਆਉਂਦਾ ਹੈ। ਉਨਾਂ ਨੇ ਕਿਹਾ ਕਿ ਸ਼ਹਿਰ ਵਿਚ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਵੀ ਸ਼ਹਿਰ ਵਾਸੀਆਂ ਵਿਚ ਜਾਗਰੂਕਤਾ ਵਧੀ ਹੈ। ਉਨਾਂ ਨੇ ਕਿਹਾ ਕਿ ਪੋਲੀਥੀਨ ਸਾਡੇ ਚੌਗਿਰਦੇ ਲਈ ਵੱਡਾ ਖਤਰਾ ਹੈ ਅਤੇ ਸਾਨੂੰ ਇਸ ਦੀ ਵਰਤੋਂ ਨੂੰ ਨਿਰਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਬਾਜਾਰ ਵਿਚੋਂ ਖਰੀਦਦਾਰੀ ਕਰਦੇ ਸਮੇਂ ਕਪੜੇ ਦੇ ਥੈਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਵੇਂ ਜੁੜਿਆ ਜਾਵੇ ਵੇਬਸਾਈਟ ਨਾਲ ਜ਼ਿਲਾ ਪ੍ਰਸਾਸ਼ਨ ਵੱਲੋਂ ਬਣਾਈ ਗਈ ਵੇਬਸਾਈਟ www.meramuktsarmeramaan.com ਰਾਹੀਂ ਸ਼ਹਿਰ ਵਾਸੀ ਮੇਰਾ ਮੁਕਤਸਰ ਮੇਰਾ ਮਾਣ ਪ੍ਰੋਜੇਕਟ ਨਾਲ ਜੁੜ ਸਕਦੇ ਹਨ। ਇਸ ਰਾਹੀਂ ਆਪਣੇ ਇਲਾਕੇ ਵਿਚ ਸ਼ਹਿਰ ਦੀ ਸਾਫ ਸਫਾਈ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਕੰਮ ਕਰਨ ਵਾਲੇ ਸਮੂਹ ਜਾਂ ਇੱਕਲੇ ਵਿਅਕਤੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਲੋਕ ਸ਼ਹਿਰ ਦੇ ਵਿਕਾਸ, ਸਫਾਈ, ਚੌਗਿਰਦੇ ਸਬੰਧੀ ਕੀਤੇ ਜਾ ਰਹੇ ਕੰਮਾਂ ਦੀਆਂ ਤਸਵੀਰਾਂ ਅਤੇ ਵਿਡੀਓ ਸਾਂਝਾ ਕਰ ਸਕਣਗੇ ਅਤੇ ਪ੍ਰੋਜੈਕਟ ਸਬੰਧੀ ਆਰਥਿਕ ਸਹਿਯੋਗ ਵੀ ਦੇ ਸਕਣਗੇ। ਵਧੀਆ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
Powered by Blogger.