ਚੋਣਾਂ ਦੌਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤ ਲਈ ਕੰਟਰੋਲ ਰੂਮ ਸਥਾਪਿਤ ਟੌਲ ਫਰੀ ਨੰਬਰ 18001804814 ਉਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ


ਸ੍ਰੀ ਮੁਕਤਸਰ ਸਾਹਿਬ (ਭੀਮ ਸੈਨ ਅਰੋੜਾ) ਜ਼ਿਲਾ ਚੋਣ ਦਫਤਰ ਸ਼ਾਂਤੀਪੂਰਵਕ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਾਉਣ ਲਈ ਵਚਨਬੱਧ ਹੈ। ਵੋਟਰਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤੇ ਕਿਸੇ ਡਰ ਜਾਂ ਲਾਲਚ ਵਿਚ ਨਾ ਆਉਣ। ਇਹ ਗੱਲ ਅੱਜ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਕਹੀ। ਉਨਾਂ ਕਿਹਾ ਕਿ ਜ਼ਿਲੇ ਵਿੱਚ ਪੁਲੀਸ ਤੇ ਹੋਰ ਸਬੰਧਤ ਵਿਭਾਗਾਂ ਦੀਆਂ ਟੀਮਾਂ ਵਿੱਤੀ ਗੜਬੜੀਆਂ ਉਤੇ ਬਾਜ਼ ਅੱਖ ਰੱਖ ਰਹੀਆਂ ਹਨ ਤਾਂ ਜੋ ਕੋਈ ਵੀ ਉਮੀਦਵਾਰ ਜਾਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਪੈਸੇ ਦਾ ਲਾਲਚ ਦੇ ਕੇ ਚੋਣ ਪ੍ਰਕਿਰਿਆ ਪ੍ਰਭਾਵਿਤ ਨਾ ਕਰੇ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਜਨਰਲ ਇਨਕਮ ਟੈਕਸ (ਇਨਵੈਸਟੀਗੇਸ਼ਨ) ਵੱਲੋਂ ਚੋਣਾਂ ਦੌਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਟੌਲ ਫਰੀ ਨੰਬਰ 18001804814 ਉਤੇ ਕਿਸੇ ਵਿਅਕਤੀ ਵੱਲੋਂ ਲਿਜਾਈ ਜਾ ਰਹੀ ਵੱਡੀ ਰਕਮ ਜਾਂ ਵੋਟਰਾਂ ਨੂੰ ਲਾਲਚ ਦੇਣ ਲਈ ਕਿਸੇ ਵਸਤੂ ਵੰਡੇ ਜਾਣ ਦੀ ਜਾਣਕਾਰੀ ਮਿਲਣ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਹ ਕੰਟਰੋਲ ਰੂਮ ਚੋਣ ਜ਼ਾਬਤੇ ਦੌਰਾਨ ਹਫਤੇ ਦੇ ਸੱਤੇ ਦਿਨ 24 ਘੰਟੇ ਕੰਮ ਕਰੇਗਾ। ਉਨਾਂ ਕਿਹਾ ਕਿ ਜੇ ਕੋਈ ਵਿਅਕਤੀ 50 ਹਜ਼ਾਰ ਤੋਂ ਵੱਧ ਨਕਦੀ ਲਿਜਾ ਰਿਹਾ ਹੈ ਤਾਂ ਉਹ ਲੋੜੀਂਦੇ ਦਸਤਾਵੇਜ਼ ਆਪਣੇ ਕੋਲ ਜ਼ਰੂਰ ਰੱਖੇ।
ਸੀ ਵਿਜਿਲ ਐਪ ਆਈ ਫੋਨਾਂ ਲਈ ਵੀ ਜਾਰੀ
ਜ਼ਿਲਾ ਚੋਣ ਅਫਸਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ ਕਰਨ ਲਈ ਸੀ ਵਿਜਿਲ ਐਪ ਜ਼ਰੂਰ ਡਾਊਨਲੋਡ ਕੀਤੀ ਜਾਵੇ, ਜਿਸ ਉਤੇ ਸ਼ਿਕਾਇਤ ਕਰਨ ਦੇ 100 ਮਿੰਟ ਅੰਦਰ ਕਾਰਵਾਈ ਹੋੋਵੇਗੀ। ਉੁਨਾਂ ਦੱਸਿਆ ਕਿ ਪਹਿਲਾਂ ਇਹ ਐਪ ਸਿਰਫ ਐਂਡਰਾਇਡ ਫੋਨ ਵਿਚ ਹੀ ਡਾਊਨਲੋਡ ਕੀਤੀ ਜਾ ਸਕਦੀ ਸੀ, ਪਰ ਹੁਣ ਇਹ ਆਈ ਫੋਨਾਂ ਉਤੇ ਵੀ ਉਪਲੱਬਧ ਹੈ। ਉੁਨਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲੇ ਵਿੱਚ ਸਵੀਪ ਮੁਹਿੰਮ ਜ਼ੋਰਾਂ ਉਤੇ ਹੈ।
Powered by Blogger.