ਸ੍ਰੀ ਮੁਕਤਸਰ ਸਾਹਿਬ (ਅਰੋੜਾ) ਜ਼ਿਲਾ ਪ੍ਰਸਾਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ੁਰੂ ਕੀਤੇ 'ਮੇਰਾ ਮੁਕਤਸਰ ਮੇਰਾ ਮਾਣ' ਅਭਿਆਨ ਦੇ ਇਕ ਭਾਗ ਵੱਜੋਂ ਸ਼ਹਿਰ ਦੇ 11 ਨੰਬਰ ਵਾਰਡ ਤੋਂ ਐਸ.ਐਲ.ਆਰ.ਐਮ. (ਸੋਲਿਡ ਲਿਕਿਊਡ ਰਿਸੋਰਸ ਮੈਨੇਜਮੈਂਟ) ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਵਿਖੇ ਇਕ ਸਮਾਗਮ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਇਸ ਮੌਕੇ 'ਮੇਰਾ ਮੁਕਤਸਰ ਮੇਰਾ ਮਾਣ' ਅਭਿਆਨ ਦੀ ਮੋਬਾਇਲ ਐਪ ਲਾਂਚ ਕੀਤੀ ਉਥੇ ਹੀ ਸ਼ਹਿਰ ਵਿਚ ਜਨਜਾਗਰੂਕਤਾ ਲਈ ਇਕ ਵੈਨ ਨੂੰ ਵੀ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਕਿਹਾ ਕਿ ਕੂੜਾ ਇਕ ਵਿਸਵਵਿਆਪੀ ਸਮੱਸਿਆ ਹੈ ਪਰ ਜੇਕਰ ਇਸ ਦਾ ਨਿਪਟਾਰਾ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਸਮੱਸਿਆ ਤੋਂ ਸੰਸਾਧਨ ਬਣ ਜਾਂਦਾ ਹੈ। ਐਸ.ਐਲ.ਆਰ.ਐਮ. ਪ੍ਰੋਜੈਕਟ ਵੀ ਅਜਿਹੀ ਹੀ ਕੋਸ਼ਿਸ ਹੈ ਸ਼ਹਿਰ ਨੂੰ ਸਵੱਛ ਕਰਨ ਦੀ। ਉਨਾਂ ਨੇ ਕਿਹਾ ਕਿ ਕੂੜੇ ਦੇ ਨਿਪਟਾਰਾ ਕਰਨਾ ਸਾਡੀ ਜਿੰਮੇਵਾਰੀ ਵੀ ਹੈ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਇਸ ਲਈ ਕਾਨੂੰਨੀ ਤੌਰ ਤੇ ਪਾਬੰਦ ਵੀ ਹਾਂ। ਉਨਾਂ ਨੇ ਕਿਹਾ ਕਿ ਸ਼ਹਿਰ ਵਾਸੀ ਸ਼ਹਿਯੋਗ ਕਰਨ ਤਾਂ ਇਹ ਪ੍ਰੋਜੈਕਟ ਨਾ ਸਿਰਫ ਸਫਲ ਹੋਵੇਗਾ ਸਗੋਂ ਹੋਰ ਸ਼ਹਿਰਾਂ ਲਈ ਵੀ ਰਾਹ ਦਸੇਰਾ ਬਣੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲੀਥੀਨ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਤਹਿਤ 25000 ਹਜਾਰ ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ ਜਦਕਿ ਇਸ ਸਬੰਧੀ ਧਾਰਾ 144 ਤਹਿਤ ਵੀ ਪਾਬੰਦੀ ਦੇ ਹੁਕਮ ਜਾਰੀ ਹੋਏ ਹਨ ਜਿਸ ਕਾਰਨ ਕਿਸੇ ਕੋਲੋਂ ਪਾਬੰਦੀਸੁਦਾ ਪੋਲੀਥੀਨ ਦਾ ਲਿਫਾਫਾ ਮਿਲਿਆ ਤਾਂ ਉਸ ਖਿਲਾਫ ਐਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੌਲੀਥੀਨ ਮਨੁੱਖੀ ਨਸਲ ਲਈ ਵੱਡਾ ਖਤਰਾ ਹੈ ਅਤੇ ਸਾਨੂੰ ਇਸ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਸ਼ਹਿਰ ਦੇ ਸੀਵਰੇਜ ਦੀ ਸਫਾਈ ਲਈ 1.13 ਕਰੋੜ ਦੇ ਕੰਮਾਂ ਲਈ ਵਿਭਾਗ ਨੇ ਟੈਂਡਰ ਕਾਲ ਕੀਤੇ ਹੋਏ ਹਨ ਅਤੇ ਸੀਵਰੇਜ ਵਿਵਸਥਾ ਨੂੰ ਅਪਗ੍ਰੇਡ ਕਰਨ ਲਈ ਵੀ ਅਮਰੁਤ ਪ੍ਰੋਜੈਕਟ ਤਹਿਤ ਕੰਮ 2 3 ਮਹੀਨੇ ਵਿਚ ਸ਼ੁਰੂ ਹੋ ਜਾਵੇਗਾ। ਇਸ ਮੌਕੇ ਉਨਾਂ ਸ਼ਹਿਰ ਵਿਚ ਬੇਸਹਾਰਾ ਜਾਨਵਰਾਂ ਦੇ ਹੱਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ। ਇਸ ਤੋਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਸ: ਹਰਪਾਲ ਸਿੰਘ ਬੇਦੀ ਨੇ ਇਸ ਪ੍ਰੋਜੈਕਟ ਵਿਚ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਸੂਬਾ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ: ਜਗਜੀਤ ਸਿੰਘ ਹਨੀਫੱਤਣਵਾਲਾ ਨੇ ਇਸ ਮੌਕੇ ਕਿਹਾ ਕਿ ਸਵੱਛਤਾ ਸਾਡੀ ਜਿੰਮੇਵਾਰੀ ਹੈ ਅਤੇ ਸਾਨੂੰ ਸਭ ਨੂੰ ਇਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਡਾ: ਨਰੇਸ਼ ਪਰੂਥੀ ਨੇ ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਕਾਰਜ ਸਾਧਕ ਅਫ਼ਸਰ ਸ੍ਰੀ ਵੀਪਨ ਗੋਇਲ, ਸ੍ਰੀ ਸੁਦਰਸ਼ਨ ਕੁਮਾਰ ਸਿਡਾਨਾ, ਸ੍ਰੀ ਰੌਸ਼ਨ ਲਾਲ ਚਾਵਲਾ, ਸ੍ਰੀ ਬੂਟਾ ਰਾਮ ਕਮਰਾ, ਸ੍ਰੀ ਜਸਪ੍ਰੀਤ ਛਾਬੜਾ, ਡਾ: ਵਿਜੈ ਸੁਖੀਜਾ, ਸ: ਪਰਮਜੀਤ ਸਿੰਘ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰ ਹਾਜਰ ਸਨ।
ਕੀ ਹੈ ਐਸ.ਐਲ.ਆਰ.ਐਮ. ਪ੍ਰੋਜੈਕਟ : ਐਸ.ਐਲ.ਆਰ.ਐਮ. ਪ੍ਰੋਜੈਕਟ ਤਹਿਤ ਹਰ ਘਰ ਨੂੰ ਨਗਰ ਕੌਂਸਲ ਵੱਲੋਂ ਦੋ ਦੋ ਡਸਟਬਿਨ ਦਿੱਤੇ ਜਾਣਗੇ। ਪਰਿਵਾਰ ਵੱਲੋਂ ਆਪਣਾ ਗਿੱਲਾ ਕੂੜਾ ਇਕ ਡਸਟਬਿਨ ਵਿਚ ਅਤੇ ਸੁੱਕਾ ਕੂੜਾ ਦੂਜੇ ਡਸਟਬਿਨ ਵਿਚ ਰੱਖਿਆ ਜਾਵੇਗਾ। ਹਰ ਰੋਜ ਸਵੇਰੇ ਰਿਕਸੇ ਤੇ ਘਰ ਤੋਂ ਹੀ ਵਰਕਰ ਕੂੜਾ ਲੈਣ ਆਵੇਗਾ ਜਿਸ ਦੇ ਬਦਲੇ ਪ੍ਰਤੀ ਘਰ 100 ਰੁਪਏ ਦਾ ਯੁਜਰ ਚਾਰਜ ਨਿਰਧਾਰਤ ਕੀਤਾ ਗਿਆ ਹੈ। ਇਸ ਕੂੜੇ ਨੂੰ ਵਰਗੀਕਰਨ ਸੈਂਟਰ ਤੇ ਲਿਆ ਕਿ ਇਸ ਨੂੰ ਅਲਗ ਅਲਗ ਕਰ ਲਿਆ ਜਾਂਦਾ ਹੈ ਜਿੱਥੋਂ ਕਬਾੜ ਵਿਚ ਵੇਚਣ ਯੋਗ ਸਮਾਨ ਵੇਚ ਦਿੱਤਾ ਜਾਂਦਾ ਹੈ ਕਿ ਆਰਗੈਨਿਗ ਗਿੱਲੇ ਕੂੜੇ ਨੂੰ ਕੰਪੋਸਟ ਪਿੱਟ ਵਿਚ ਪਾ ਕੇ ਖਾਦ ਤਿਆਰ ਕਰ ਲਈ ਜਾਂਦੀ ਹੈ।
ਕਿਵੇਂ ਕੰਮ ਕਰੇਗੀ ਮੇਰਾ ਮੁਕਤਸਰ ਮੇਰਾ ਮਾਣ ਮੋਬਾਇਲ ਐਪ:
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਵੱਲੋਂ ਤਿਆਰ ਕਰਵਾਈ ਗਈ ਮੇਰਾ ਮੁਕਤਸਰ ਮੇਰਾ ਮਾਣ ਮੋਬਾਇਲ ਐਪ ਨੂੰ ਕੋਈ ਵੀ ਸ਼ਹਿਰੀ ਆਪਣੇ ਅੰਡਰੌਇਡ ਫੋਨ ਵਿਚ ਗੂਗਲ ਪਲੇਅ ਸਟੋਰ ਤੋਂ ਡਾਉਨਲੋਡ ਕਰ ਸਕਦਾ ਹੈ। ਆਪਣਾ ਮੋਬਾਇਲ ਨੰਬਰ ਦਰਜ ਕਰਨ ਤੇ ਤੁਹਾਡੇ ਫੋਨ ਤੇ ਇਕ ਓਟੀਪੀ ਆਵੇਗਾ ਉਹ ਨੰਬਰ ਭਰ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਇੱਥੇ ਸ਼ਿਕਾਇਤ ਦਰਜ ਕਰਵਾਉਣ ਦੇ ਲਿੰਕ ਤੇ ਜਾ ਕੇ ਤੁਸੀਂ ਸ੍ਰੀ ਮੁਕਤਸਰ ਸਾਹਿਬ ਵਿਚ ਸਫਾਈ, ਸੀਵਰੇਜ, ਪੀਣ ਦੇ ਪਾਣੀ, ਜਨਤਕ ਪਖਾਨਿਆਂ, ਮੁਰਦਾ ਜਾਨਵਰਾਂ, ਕੂੜਾ ਲੈਣ ਨਾ ਆਉਣ ਵਾਲੇ ਸਬੰਧੀ ਆਦਿ ਲਈ ਸ਼ਿਕਾਇਤ ਦਰਜ ਕਰਵਾ ਸਕਦੇ ਹੋ।