ਚੋਣਾਂ ਦੌਰਾਨ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਨੇ ਕੀਤੇ ਸਖ਼ਤ ਪ੍ਰਬੰਧ


ਸ੍ਰੀ ਮੁਕਤਸਰ ਸਾਹਿਬ- ਜ਼ਿਲਾ ਪੁਲੀਸ ਮੁਖੀ ਸ੍ਰ: ਮਨਜੀਤ ਸਿੰਘ ਢੇਸੀ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਲੋਕ ਸਭਾ ਚੋਣਾਂ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਅਤੇ ਸ਼ਰਾਰਤੀ ਅਨਸਰਾਂ ਤੋਂ ਨਕੇਲ ਕੱਸਣ ਲਈ ਅੱਜ ਸਮੂਹ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲੇ ਅੰਦਰ 15 ਅੰਤਰ ਰਾਜੀ ਨਾਕੇ ਲਗਾਏ ਗਏ ਹਨ ਜਿਨਾਂ ਦੇ ਵਿੱਚੋਂ 9 ਹਰਿਆਣਾ ਅਤੇ 6 ਰਾਜਸਥਾਨ ਨਾਲ ਲੱਗਦੇ ਹਨ। ਇਨਾਂ ਨਾਕਿਆਂ ਤੇ ਪੁਲਸ ਦੀਆਂ ਵਿਸੇਸ਼ ਟੀਮਾਂ ਲਗਾਈਆਂ ਗਈਆਂ ਹਨ। ਜਿਹੜੀਆਂ 24 ਘੰਟੇ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਣ ਦੇ ਲਈ ਤਿਆਰ ਬਰ ਤਿਆਰ ਰਹਿਣਗੀਆਂ। ਇਸ ਤੋਂ ਇਲਾਵਾ ਅੰਤਰ ਜ਼ਿਲਾ ਹੱਦ ਅੰਦਰ ਨਾਕੇ ਲਗਾਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵਧੀਕ ਜ਼ਿਲਾ ਮੈਜਿਸਟਰੇਟ ਵੱਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹੱਦ ਅੰਦਰ ਆਉਂਦੇ ਸਾਰੇ ਲੋਕ ਸਭਾ ਚੋਣਾਂ ਹਲਕਿਆਂ ਅੰਦਰ ਪੈਂਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਿਤੀ 20 ਮਾਰਚ 2019 ਤੱਕਲ ਆਪਣੇ ਨੇੜਲੇ ਪੁਲਿਸ ਸਟੇਸਨਾਂ ਵਿੱਚ ਜਾ ਕੇ ਆਪਣਾ ਅਸਲਾ ਜਮਾ ਕਰਵਾਉਣ ਜਾਂ ਅਸਲਾ ਡੀਲਰਾਂ ਕੋਲ ਅਸਲਾ ਜਮਾਂ ਕਰਵਾਉਣ ਉਪਰੰਤ ਉਸ ਦੀ ਰਸੀਦ ਸਬੰਧਿਤ ਥਾਣੇ ਅੰਦਰ ਜਮਾਂ ਕਰਵਾਉਣ। ਉਨਾਂ ਕਿਹਾ ਕਿ ਇਸ ਪਾਲਣਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਜ਼ਿਲਾ ਪੁਲਿਸ ਮੁਖੀ ਨੇ ਸਖ਼ਤ ਹਦਾਇਤ ਕੀਤੀ ਕਿ ਉਹ ਇਨਾਂ ਲੋਕ ਸਭਾ ਚੋਣਾਂ ਵਿੱਚ ਕੋਈ ਵੀ ਕਿਸੇ ਤਰਾਂ ਦੇ ਨਸ਼ਿਆਂ ਦੀ ਵਰਤੋਂ ਨਹੀਂ ਕਰਨਗੇ, ਉਨਾਂ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਨਸ਼ੇ ਵੰਡਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਪੁਲਿਸ ਪ੍ਰਸਾਸਨ ਹਮੇਸ਼ਾਂ ਲੋਕਾਂ ਦੀ ਸੁਰੱਖਿਆ ਦੇ ਲਈ ਤਿਆਰ ਬਰ ਤਿਆਰ ਹੈ। ਜੇਕਰ ਕਿਸੇ ਵੀ ਧਿਰ ਦੇ ਵਿਅਕਤੀ ਵੱਲੋਂ ਇਨਾਂ ਚੋਣਾਂ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ਤੇ ਇਨਾਂ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਨਾਂ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਕਰਨ ਅਤੇ ਪੁਲਿਸ ਵੱਲੋਂ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਐੱਸ.ਪੀ(ਡੀ) ਸ. ਸੋਹਣ ਲਾਲ, ਐੱਸ.ਪੀ (ਐੱਚ) ਸ.ਗੁਰਮੇਲ ਸਿੰਘ, ਐੱਸ.ਪੀ ਮਲੋਟ ਸ. ਇਕਬਾਲ ਸਿੰਘ, ਐੱਸਪੀ ਨਾਰਕੋਟਿਕ ਸ੍ਰ. ਮਨਵਿੰਦਰਬੀਰ ਸਿੰਘ, ਡੀ.ਐੱਸ.ਪੀ (ਸ.ਡ) ਸ੍ਰ.ਤਜਿੰਦਰਪਾਲ ਸਿੰਘ ਗਿੱਲ, ਡੀ.ਐੱਸ.ਪੀ (ਡੀ) ਜਸਮੀਤ ਸਿੰਘ, ਡੀ.ਐੱਸ.ਪੀ ਕਮ-ਨੋਡਲ ਅਫਸਰ ਫਾਰ ਪੋਸਟਲ ਬੈਲਟ (ਪੁਲਿਸ) ਹੀਨਾ ਗੁਪਤਾ, ਇੰਚਾਰਜ ਇਲੈਕਸ਼ਨ ਸੈੱਲ ਇੰਸਪੈਕਟਰ ਦਰਬਾਰ ਸਿੰਘ ਅਤੇ ਸਮੂਹ ਥਾਣਾ ਮੁੱਖ ਅਫਸਰ ਹਾਜਰ ਸਨ।
Powered by Blogger.