ਵੋਟਰ ਜਾਗਰੂਕਤਾ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਸਜੇਗੀ ‘ਲੋਕ ਸੱਥ’


ਸ੍ਰੀ ਮੁਕਤਸਰ ਸਾਹਿਬ (ਯਾਦਵ)ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਦੀ ਅਗਵਾਈ ਵਿਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਨੂੰ ਵੋਟ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਕਰਨ ਹਿੱਤ ਜਾਗਰੂਕ ਕਰਨ ਲਈ ਜ਼ਿਲੇ ਵਿਚ ਸਵੀਪ ਟੀਮ ਵੱਲੋਂ ‘ਲੋਕ ਸੱਥ’ ਪ੍ਰੋਗਰਾਮ ਜ਼ਿਲੇ ਭਰ ਵਿਚ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ‘ਆਓ ਕਰੀਏ ਲੋਕਤੰਤਰ ਦੀ ਗੱਲ’ ਲੜੀ ਤਹਿਤ ਨੁੱਕੜ ਨਾਟਕ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਵੋਟ ਹੱਕ ਦੇ ਇਸਤੇਮਾਲ ਦਾ ਮਹੱਤਵ ਸਮਝਾਇਆ ਜਾ ਸਕੇ। ਇਹ ਜਾਣਕਾਰੀ ਨੋਡਲ ਅਫ਼ਸਰ ਸ੍ਰੀਮਤੀ ਮਨਛਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਨੇ ਇਸ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਕੋਆਰਡੀਨੇਟਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਲਈ ਨੁੱਕੜ ਨਾਟਕ ਤਿਆਰ ਕਰਵਾਉਣ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਗੌਰਵ ਦੁੱਗਲ, ਗੁਰਦੇਵ ਸਿੰਘ ਅਤੇ ਸ਼ਮਿੰਦਰ ਬੱਤਰਾ, ਮਲੋਟ ਹਲਕੇ ਵਿਚ ਗੌਰਵ ਭਠੇਜਾ, ਲੰਬੀ ਹਲਕੇ ਵਿਚ ਗੁਰਮੀਤ ਸਿੰਘ ਅਤੇ ਰੋਹਿਤ ਜਿੰਦਲ ਅਤੇ ਗਿੱਦੜਬਾਹਾ ਹਲਕੇ ਵਿਚ ਪਿੰ੍ਰਸੀਪਲ ਸਾਧੂ ਸਿੰਘ ਰੋਮਾਣਾ, ਅਸੋਕ ਕੁਮਾਰ ਅਤੇ ਕਮਲਜੀਤ ਸਿੰਘ ਦੀ ਟੀਮ ਬਣਾਈ ਗਈ ਹੈ। ਇਸ ਤੋਂ ਬਿਨਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਰਫ਼ਤ ਉਨਾਂ ਦੇ ਮਾਪਿਆਂ ਤੋਂ ਮਤਦਾਨ ਕਰਨ ਦਾ ਸਕੰਲਪ ਪੱਤਰ ਭਰਵਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਸਵੀਪ ਪ੍ਰੋਜੈਕਟ ਤਹਿਤ ਵੋਟਰਾਂ ਨੂੰ ਵੋਟ ਹੱਕ ਦੇ ਇਸਤੇਮਾਲ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾਣਗੀਆਂ।
Powered by Blogger.