ਦੋ ਅਣਗੋਲੇ ਨੰਨੇ ਰਾਜਕੁਮਾਰਾਂ ਨੂੰ ਮਿਲਿਆ ਆਪਣੇ ਸੁਪਨਿਆਂ ਦਾ ਘਰ


ਸ੍ਰੀ ਮੁਕਤਸਰ ਸਾਹਿਬ (ਅਰੋੜਾ/ਯਾਦਵ) ਬੱਚਿਆਂ, ਬਜ਼ਰਗਾਂ ਅਤੇ ਔਰਤਾਂ ਦੀ ਸੇਵਾ ਸੰਭਾਲ ਲਈ ਸਮਰਪਿਤ ਮਾਲਵੇ ਦੀ ਨਾਮਵਰ ਸੰਸਥਾ ਮਾਨਵਤਾ ਫਾਊਂਡੇਸ਼ਨ (ਰਜਿ:) ਵੱਲੋਂ ਮਾਡਲ ਟਾਊਨ, ਉਦੇਕਰਨ ਰੋਡ ਵਿਖੇ ਚਲਾਏ ਜਾ ਰਹੇ ਮਾਨਵਤਾ ਬਾਲ ਆਸ਼ਰਮ ਦੇ ਬਾਹਰ ਲੱਗੇ ਪੰਘੂੜੇ ਵਿੱਚ ਕੁਝ ਮਹੀਨੇ ਪਹਿਲਾਂ ਦੋ ਨੰਨੇ ਨਵਜਾਤ ਲਵਾਰਿਸ ਬੱਚਿਆਂ ਨੂੰ ਕੋਈ ਅਨਜਾਣ ਛੱਡ ਗਏ ਸਨ। ਇਹਨਾਂ ਵਿੱਚੋਂ ਇੱਕ ਦੀ ਉਮਰ ਲਗਭਗ 3 ਦਿਨ ਸੀ ਅਤੇ ਦੂਸਰੇ ਦੀ ਉਮਰ ਲਗਭਗ 15 ਦਿਨ ਸੀ। ਦੋ ਮਹੀਨੇ ਇਹਨਾਂ ਦਾ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਸੀ ਅਤੇ ਇੰਤਜਾਰ ਕਰਨ ਉਪਰੰਤ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀ ਪ੍ਰਕਿਰਿਆ ਰਾਹੀਂ ਬੀਤੇ ਦੋ ਮਹੀਨੇ ਦੌਰਾਨ ਇਹਨਾਂ ਬੱਚਿਆਂ ਨੂੰ ਦੋ ਵੱਖ-ਵੱਖ ਸਪੰਨ ਪਰਿਵਾਰਾਂ ਨੂੰ ਗੋਦ ਦਿੱਤਾ ਗਿਆ। ਇਹਨਾਂ ਦੋਨਾਂ ਬੇਔਲਾਦ ਪਰਿਵਾਰਾਂ ਨੇ ਲਗਭਗ ਦੋ ਸਾਲ ਪਹਿਲਾ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਵਿੱਚ ਬੱਚਾ ਲੈਣ ਲਈ ਅਪਲਾਈ ਕੀਤਾ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਜਰਨਲ ਸਕੱਤਰ ਡਾ. ਵਰੁਣ ਬਜਾਜ ਨੇ ਦੱਸਿਆ ਕਿ ਮਾਨਵਤਾ ਬਾਲ ਆਸ਼ਰਮ ਵਿਖੇ ਲਗਾਏ ਮਾਨਵਤਾ ਪੰਘੂੜੇ ਰਾਹੀਂ ਹੁਣ ਤੱਕ ਦਸ ਬੱਚਿਆਂ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀ ਪ੍ਰਕਿਰਿਆ ਰਾਂਹੀ ਗੋਦ ਦਿੱਤਾ ਜਾ ਚੁੱਕਾ ਹੈ। ਜਿੰਨਾਂ ਵਿੱਚ ਪੰਜ ਲੜਕੇ ਅਤੇ ਪੰਜ ਲੜਕੀਆਂ ਹਨ। ਡਾ. ਪਰੂਥੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਣਚਾਹੇ, ਅਣਗੋਲੇ ਬੱਚਿਆਂ ਨੂੰ ਝਾੜੀਆਂ, ਗੰਦਗੀ ਦੇ ਢੇਰਾਂ ਅਤੇ ਹੋਰ ਜਨਤਕ ਥਾਵਾਂ 'ਤੇ ਸੁੱਟਣ ਦੀ ਬਜਾਏ ਉਹਨਾਂ ਨੂੰ ਇਸ ਮਾਨਵਤਾ ਪੰਘੂੜੇ ਵਿੱਚ ਪਾਓ ਤਾਂ ਕਿ ਇਹਨਾਂ ਬੱਚਿਆਂ ਨੂੰ ਲੋੜਵੰਦ ਅਤੇ ਬੇਔਲਾਦ ਪਰਿਵਾਰਾਂ ਨੂੰ ਗੋਦ ਦੇ ਕੇ ਉਹਨਾਂ ਦਾ ਸੁਨਿਹਰਾ ਭਵਿੱਖ ਬਣਾਇਆ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਅਣਗੋਲੇ ਜਾਂ ਅਣਚਾਹੇ ਬੱਚੇ ਨੂੰ ਪੰਘੂੜੇ ਵਿੱਚ ਪਾਉਣ ਨਹੀਂ ਆ ਸਕਦਾ ਤਾਂ ਉਹ ਸਾਡੇ ਨਾਲ 98153-78888 'ਤੇ ਸੰਪਰਕ ਕਰ ਸਕਦਾ ਹੈ, ਅਸੀਂ ਉਹਨਾਂ ਦੀ ਮਦਦ ਲਈ ਤਿਆਰ ਹਾਂ।
Powered by Blogger.