ਪੰਜਾਬ ਸਰਕਾਰ ਡੀ.ਏ. ਦੀਆਂ ਕਿਸ਼ਤਾਂ ਦਾ ਰਹਿੰਦਾ ਬਕਾਇਆ ਤੁਰੰਤ ਜਾਰੀ ਕਰੇ : ਸਿਡਾਨਾ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਜਿਲ੍ਹਾ ਕੋਆਪਰੇਟਿਵ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾ ਦੀ ਮਹੀਨਾਵਾਰ ਮੀਟਿੰਗ ਐਸੋਂਸ਼ੀਏਸ਼ਨ ਦੇ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਸੇਵਾ ਮੁਕਤ ਸੰਯੁਕਤ ਰਜਿਸਟਰਾਰ ਅਤੇ ਪ੍ਰਧਾਨ ਸੁਦਰਸ਼ਨ ਕੁਮਾਰ ਸਿਡਾਨਾ ਸੇਵਾ ਮੁਕਤ ਸਹਾਇਕ ਰਜਿਸਟਰਾਰ ਦੀ ਸਾਂਝੀ ਪ੍ਰਧਾਨਗੀ ਹੇਠ ਸਥਾਨਕ ਕੋਟਕਪੂਰਾ ਰੋਡ ਸਥਿਤ ਦੀ ਮੁਕਤਸਰ ਕੇਂਦਰੀ ਸਹਿਕਾਰੀ ਬੈਂਕ ਲਿਮ. ਦੇ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸਹਿਕਾਰਤਾ ਵਿਭਾਗ ਤੇ ਸਹਿਕਾਰੀ ਅਦਾਰਿਆ ਦੇ ਸੇਵਾ ਮੁਕਤ ਕਰਮਚਾਰੀਆ ਅਤੇ ਹੁਣ ਸਰਵਿਸ ਕਰ ਰਹੇ ਕਰਮਚਾਰੀਆਂ ਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਲ 2018 ਅਤੇ ਜਨਵਰੀ 2019 ਦੀਆਂ ਰਹਿੰਦੀਆ ਮਹਿੰਗਾਈ ਭੱਤੇ ਦੀਆਂ ਤਿੰਨੇ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੰਜਾਬ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇ ਤੇ ਪੈਨਸ਼ਨਰਾਂ ਅਤੇ ਕਰਮਚਾਰੀਆਂ ਦਾ ਪਹਿਲਾ ਰਹਿੰਦਾ 22 ਮਹੀਨਿਆਂ ਦੀ ਮਹਿੰਗਾਈ ਭੱਤੇ ਦੀ ਰਾਸ਼ੀ ਵੀ ਜਾਰੀ ਕਰੇ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਬਿਨ•ਾਂ ਹੋਰ ਕਿਸੇ ਦੇਰੀ ਤੋਂ ਜਾਰੀ ਕੀਤੀ ਜਾਵੇ ਅਤੇ ਇਸ ਨੂੰ ਮਿਤੀ 1 ਜਨਵਰੀ 2016 ਤੋਂ ਪ੍ਰਭਾਵੀ ਬਣਿਆ ਜਾਵੇ, ਡਾਕਟਰੀ ਭੱਤਾ 500 ਰੁਪਏ ਤੋਂ ਵਧਾ ਕੇ ਘੱਟੋ-ਘੱਟ 2 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਗੁਆਂਢੀ ਰਾਜਾਂ ਤੋਂ ਸਿੱਖਿਆ ਲੈਂਦਿਆ ਮਹਿੰਗਾਈ ਭੱਤੇ ਦੀਆਂ ਤਿੰਨੇ ਕਿਸ਼ਤਾਂ ਤੁਰੰਤ ਜਾਰੀ ਕਰ ਦੇਣੀਆਂ ਚਾਹੀਦੀਆ ਹਨ। ਮੀਟਿੰਗ ਦੌਰਾਨ ਜਥੇਬੰਦੀ ਦੇ ਮੈਂਬਰ ਪ੍ਰੀਤਮ ਚਾਵਲਾ ਦੇ ਬਹਿਨੋਹੀ ਪ੍ਰਤਾਪ ਸਿੰਘ ਕਟਾਰੀਆ ਸੇਵਾਮੁਕਤ ਪ੍ਰਿੰਸੀਪਲ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਵਾਟਾ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਚੇਅਰਮੈਨ, ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਰਣਜੀਤ ਸਿੰਘ, ਸੁਰਜੀਤ ਸਿੰਘ ਕਪੂਰ, ਚੌਧਰੀ ਬਲਬੀਰ ਸਿੰਘ , ਮਲੂਕ ਸਿੰਘ ਬਰਾੜ ਅਤੇ ਹਾਕਮ ਸਿੰਘ ਗਿੱਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ਼ ਸਿੰਘ, ਗੁਰਦੇਵ ਸਿੰਘ ਮੜਾਕ, ਕੇਦਾਰ ਨਾਥ ਸ਼ਰਮਾ, ਕੇਵਲ ਕ੍ਰਿਸ਼ਨ ਬਹਿਲ, ਕ੍ਰਿਸ਼ਨ ਲਾਲ, ਸੁਰਜੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੇਵਾ ਮੁਕਤ ਸਕੱਤਰ ਰਣਜੀਤ ਸਿੰਘ ਜਨਰਲ ਸੈਕਟਰੀ ਨੇ ਬਾਖੂਬੀ ਨਿਭਾਈ।
Powered by Blogger.