ਅਮਨ-ਕਾਨੂੰਨ ਵਿਵਸਥਾ ਤੇ ਸੁਰੱਖਿਆ ਦੇ ਮੱਦੇਨਜ਼ਰ ਸਾਈਬਰ ਕੈਫੇ ਮਾਲਕਾਂ ਨੂੰ ਨਿਰਦੇਸ਼ ਜਾਰੀ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਰਿਚਾ ਆਈ.ਏ.ਐਸ. ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਚੱਲ ਰਹੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਕੁਝ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਅਜਿਹੇ ਵਿਅਕਤੀ ਜਿੰਨ੍ਹਾਂ ਦੀ ਸ਼ਨਾਖ਼ਤ ਨਾ ਕੀਤੀ ਜਾ ਸਕਦੀ ਹੋਵੇ, ਨੂੰ ਸਾਈਬਰ ਕੈਫੇ ਦਾ ਇਸਤੇਮਾਲ ਕਰਨ ਤੋਂ ਮਨਾਹੀ ਕੀਤੀ ਜਾਵੇ। ਸਾਈਬਰ ਕੈਫੇ ਵਿੱਚ ਆਉਣ ਵਾਲੇ ਹਰ ਵਿਅਕਤੀ, ਜੋ ਸਾਈਬਰ ਕੈਫੇ ਦੀਆਂ ਸਹੂਲਤਾਂ ਆਦਿ ਇਸਤੇਮਾਲ ਕਰਦਾ ਹੈ, ਦੀ ਸ਼ਨਾਖਤ ਵਾਸਤੇ ਇਕ ਰਜਿਸਟਰ ਰੱਖਿਆ ਜਾਵੇ। ਹਰ ਆਉਣ ਵਾਲੇ ਵਿਅਕਤੀ/ਇਸਤੇਮਾਲ ਕਰਤਾ ਆਪਣੀ ਹੱਥ ਲਿਖਤ ਨਾਲ ਰਜਿਸਟਰ ਵਿੱਚ ਆਪਣਾ ਪਤਾ, ਟੈਲੀਫੋਨ ਨੰਬਰ ਤੇ ਸ਼ਨਾਖ਼ਤ ਦਾ ਸਬੂਤ ਦੇਵੇਗਾ ਅਤੇ ਹਸਤਾਖਰ ਵੀ ਕਰੇਗਾ। ਰਜਿਸਟਰ ਵਿੱਚ ਉਸ ਦੀ ਫੋਟੋ ਵੀ ਚਿਪਕਾਈ ਜਾਵੇਗੀ। ਸਾਈਬਰ ਕੈਫੇ ਵਰਤਣ ਵਾਲੇ ਵਿਅਕਤੀ/ਇਸਤੇਮਾਲ ਕਰਤਾ ਦੀ ਸ਼ਨਾਖਤ ਸ਼ਨਾਖਤੀ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਤੇ ਫੋਟੋ ਵਾਲੇ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ।'ਐਕਟੀਵਿਟੀ ਸਰਵਰ ਲੋਗ' ਨੂੰ ਮੇਨ ਸਰਵਰ ਵਿਚ ਸੁਰੱਖਿਅਤ ਰੱਖਿਆ ਜਾਵੇ ਅਤੇ ਇਸ ਦਾ ਰਿਕਾਰਡ ਛੇ ਮਹੀਨੇ ਤੱਕ ਸੰਭਾਲ ਕੇ ਰੱਖਿਆ ਜਾਵੇ। ਜੇਕਰ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਸ਼ੱਕੀ ਕਿਸਮ ਦੀਆਂ ਜਾਪਣ ਤਾਂ ਸਾਈਬਰ ਕੈਫੇ ਮਾਲਕ ਇਸ ਸਬੰਧੀ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰੇਗਾ। ਵੱਖ-ਵੱਖ ਵਰਤੇ ਜਾਣ ਵਾਲੇ ਹਰ ਕੰਪਿਊਟਰ ਦਾ ਵੱਖਰਾ-ਵੱਖਰਾ ਰਿਕਾਰਡ ਰੱਖਿਆ ਜਾਵੇ। ਸਾਈਬਰ ਕੈਫਿਆਂ ਵਿੱਚ ਸੀ.ਸੀ.ਟੀ.ਵੀ ਕੈਮਰੇ ਵੀ ਲਾਏ ਜਾਣ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ ਅਤੇ 5 ਜੂਨ 2019 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Powered by Blogger.