ਵਿਦਿਆਰਥੀਆਂ ਨੂੰ ਕੈਂਸਰ ਰੋਗ ਪ੍ਰਤੀ ਜਾਗਰੂਕ ਕਰਨ ਲਈ ਕੈਂਪਾਂ ਦਾ ਆਯੋਜਨ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸਿਹਤ ਅਤੇ ਸਿੱਖਿਆ ਵਿਭਾਗ ਵੱਲੋਂ ਅੱਜ ਜ਼ਿਲਾ ਪ੍ਰਸਾਸ਼ਨ ਦੀ ਅਗਵਾਈ ਹੇਠ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਂਸਰ ਜਾਗਰੂਕਤਾ ਕੈਂਪ ਲਗਾਏ ਗਏ ਤਾਂ ਜੋ ਵਿਦਿਆਰਥੀਆਂ ਨੂੰ ਇਸ ਭਿਆਨਕ ਬਿਮਾਰੀ ਦੇ ਲੱਛਣਾ, ਹੋਣ ਦੇ ਕਾਰਨਾਂ, ਪ੍ਰਹੇਜ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਸਰ ਬਾਰੇ ਜਾਗਰੂਕ ਕਰਨ ਲਈ ਟਾਟਾ ਕੈਂਸਰ ਇਸੰਟੀਚਿਊਟ ਤੋਂ ਜ਼ਿਲੇ ਦੇ ਡਾਕਟਰਾਂ ਨੂੰ ਸਿਖਲਾਈ ਦਿਵਾਈ ਗਈ ਸੀ ਜੋ ਕਿ ਹੁਣ ਵਿਦਿਆਰਥੀਆਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਜੇਕਰ ਕੈਂਸਰ ਦੀ ਬਿਮਾਰੀ ਦਾ ਮੁੱਢਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ। ਇਸੇ ਤਰਾਂ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰਕੇ ਅਸੀਂ ਇਸ ਬਿਮਾਰੀ ਦੇ ਹੋਣ ਦਾ ਖਤਰਾ ਘੱਟ ਕਰ ਸਕਦੇ ਹਾਂ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜਾਈ ਦੇ ਨਾਲ ਨਾਲ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਖੇਡਾਂ ਅਤੇ ਆਦਰਸ਼ ਜੀਵਨ ਸ਼ੈਲੀ ਨਾਲ ਅਸੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪਾ ਸਕਦੇ ਹਾਂ ਅਤੇ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਉਨਾਂ ਨੇ ਕਿਹਾ ਕਿ ਵਿਦਿਆਰਥੀ ਇੱਥੋਂ ਕੈਂਸਰ ਬਾਰੇ ਪ੍ਰਾਪਤ ਗਿਆਨ ਆਪਣੇ ਮਾਪਿਆਂ, ਰਿਸਤੇਦਾਰਾਂ ਨਾਲ ਸਾਂਝਾ ਕਰਨ ਤਾਂ ਜੋ ਸਮਾਜ ਵਿਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਉਮਰ ਵਿਚ ਚੰਗੀ ਖੁਰਾਕ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਇਹੀ ਉਮਰ ਹੈ। ਇਸ ਮੌਕੇ ਡਾ: ਸੀਮਾ ਗੋਇਲ ਨੇ ਮੂੰਹ ਦੇ ਕੈਂਸਰ ਦੀ ਗੱਲ ਕਰਦਿਆਂ ਦੱਸਿਆ ਕਿ ਮੂੰਹ ਵਿਚ ਲਾਲ ਜਾਂ ਚਿੱਟੇ ਰੰਗ ਦੇ ਛਾਲੇ ਜਾਂ ਮੁੰਹ ਘੱਟ ਖੁੱਲਣਾ ਅਤੇ ਖਾਣਾ ਖਾਣ ਵਿਚ ਤਕਲੀਫ ਇਸਦੀਆਂ ਮੁੱਖ ਨਿਸ਼ਾਨਿਆਂ ਹਨ। ਇਸਦਾ ਮੁੱਖ ਕਾਰਨ ਤੰਬਾਕੂਨੋਸ਼ੀ ਹੈ ਅਤੇ ਜੀਵਨ ਵਿਚ ਤੰਬਾਕੂਨੋਸ਼ੀ ਨਹੀਂ ਕਰਨੀ ਚਾਹੀਦੀ ਹੈ। ਡਾ: ਪਰਮਦੀਪ ਸਿੰਘ ਸੰਧੂ ਨੇ ਦੱਸਿਆ ਕਿ ਸ਼ਰੀਰ ਵਿਚ ਕੋਸਿਕਾਵਾਂ ਦੀ ਅਨਿਯੰਤਰਿਤ ਵਾਧੇ ਨਾਲ ਕੈਂਸਰ ਹੁੰਦਾ ਹੈ। ਇਹ ਅਨਿੰਯਤਰਿਤ ਵਾਧੇ ਨੂੰ ਰੋਕਣ ਲਈ ਸਾਨੂੰ ਚੰਗੀ ਖੁਰਾਕ ਲੈਣੀ ਚਾਹੀਦੀ ਹੈ ਅਤੇ ਨਸ਼ਿਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਡਾ: ਜਪਨੀਤ ਕੌਰ ਸੰਧੂ ਨੇ ਵੀ ਕੈਂਸਰ ਦੇ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ, ਪਿ੍ਰੰਸੀਪਲ ਸ੍ਰੀ ਦਵਿੰਦਰ ਰਜੌਰੀਆ, ਪਿ੍ਰੰਸੀਪਲ ਨੀਲਮ ਬਾਲਾ, ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਵੀ ਹਾਜਰ ਸਨ।
Powered by Blogger.