ਕਾਂਗਰਸੀ ਮੰਤਰੀ ਤੇ ਵਿਧਾਇਕ ਆਪਣੇ ਹਲਕਿਆਂ 'ਚ ਜਿੱਤ ਲਈ ਜਵਾਬਦੇਹ ਹੋਣਗੇ- ਕੈਪਟਨ ਅਮਰਿੰਦਰ ਸਿੰਘ


ਚੰਡੀਗੜ੍ਹ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਆਗੂਆਂ ਵਾਸਤੇ ਕਾਰਗੁਜ਼ਾਰੀ ਨੂੰ ਜ਼ਰੂਰੀ ਬਣਾਉਂਦੇ ਹੋਏ ਮੰਤਰੀਆਂ ਅਤੇ ਵਿਧਾਇਕਾਂ ਦੀ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਜ਼ਿੰਮੇਵਾਰੀ ਨਿਰਧਾਰਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਹਾਈ ਕਮਾਂਡ ਨੇ ਲਿਆ ਹੈ ਤਾਂ ਜੋ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦੇ ਮਿਸ਼ਨ ਦੀ ਪ੍ਰਾਪਤੀ ਵਾਸਤੇ ਪਾਰਟੀ ਸਰਗਰਮੀਆਂ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਦੇ ਫ਼ੈਸਲੇ ਅਨੁਸਾਰ ਜਿਹੜੇ ਮੰਤਰੀ ਆਪਣੇ ਹਲਕਿਆਂ ਵਿਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਅਸਫ਼ਲ ਰਹਿਣਗੇ ਉਨ੍ਹਾਂ ਨੂੰ ਮੰਤਰੀ ਮੰਡਲ 'ਚੋਂ ਹਟਾ ਦਿੱਤਾ ਜਾਵੇਗਾ। ਕਾਂਗਰਸੀ ਵਿਧਾਇਕਾਂ ਦੇ ਸਬੰਧ ਵਿਚ ਵੀ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੋ ਵਿਧਾਇਕ ਆਪਣੇ ਹਲਕਿਆਂ ਵਿਚ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿਚ ਨਾਕਾਮ ਰਹਿਣਗੇ ਉਨ੍ਹਾਂ ਨੂੰ ਅਗਲੀ ਵਿਧਾਨ ਸਭਾ ਚੋਣ ਵਿਚ ਟਿਕਟਾਂ ਲਈ ਨਹੀਂ ਵਿਚਾਰਿਆ ਜਾਵੇਗਾ। ਪਾਰਟੀ ਨੇ ਵੱਖ-ਵੱਖ ਬੋਰਡਾਂ ਵਿਚ ਚੇਅਰਮੈਨ ਲਾਉਣ ਦੇ ਮਾਪਦੰਡ ਨੂੰ ਵੀ ਸਖ਼ਤ ਬਣਾਇਆ ਹੈ। ਮੌਜੂਦਾ ਲੋਕ ਸਭਾ ਚੋਣਾਂ ਵਿਚ ਨਿੱਜੀ ਕਾਰਗੁਜ਼ਾਰੀ ਦੇ ਆਧਾਰ 'ਤੇ ਹੀ ਚੇਅਰਮੈਨ ਲਗਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਸਬੰਧ ਵਿਚ ਸੀਨੀਅਰਤਾ ਦੀ ਥਾਂ ਕਾਰਗੁਜ਼ਾਰੀ ਦਾ ਮਾਪਦੰਡ ਨਿਰਧਾਰਿਤ ਕੀਤਾ ਗਿਆ ਹੈ। ਇਸ ਫ਼ੈਸਲੇ ਦਾ ਮੁੱਖ ਉਦੇਸ਼ ਪਾਰਟੀ ਵਿਚ ਕਾਰਗੁਜ਼ਾਰੀ ਆਧਾਰਿਤ ਸੱਭਿਆਚਾਰ ਨੂੰ ਬੜ੍ਹਾਵਾ ਦੇਣਾ ਹੈ। ਵਰਨਣਯੋਗ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਇਸ ਮੰਤਵ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਪੰਜਾਬ ਦੇ ਵਿਧਾਇਕਾਂ ਵਿਚ ਕਾਫ਼ੀ ਅਨੁਸ਼ਾਸਨਹੀਣਤਾ ਹੈ ਅਤੇ ਕਈ ਪਾਰਟੀ ਦੇ ਆਗੂ ਅਤੇ ਵਿਧਾਇਕ ਅੰਦਰਖਾਤੇ ਅਕਾਲੀ ਦਲ ਦੀ ਮਦਦ ਕਰ ਜਾਂਦੇ ਹਨ। ਪਾਰਟੀ ਪ੍ਰਧਾਨ ਨੂੰ ਕੀਤੀਆਂ ਗਈਆਂ ਇਨ੍ਹਾਂ ਸ਼ਿਕਾਇਤਾਂ ਵਿਚ ਕੁਝ ਹਲਕਿਆਂ ਦਾ ਜ਼ਿਕਰ ਵੀ ਕੀਤਾ ਗਿਆ। ਸੂਚਨਾ ਅਨੁਸਾਰ ਰਾਹੁਲ ਗਾਂਧੀ ਵਲੋਂ ਪਾਰਟੀ ਦੇ ਸਾਰੇ 13 ਉਮੀਦਵਾਰਾਂ ਕੋਲੋਂ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਹਲਕੇ ਵਿਚਲੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਦੀ ਚੋਣਾਂ ਵਿਚ ਰਹੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਵੀ ਲਈ ਜਾਵੇਗੀ।
Powered by Blogger.