ਜ਼ਿਲਾ ਚੋਣ ਅਫ਼ਸਰ ਵੱਲੋਂ ਚੋਣ ਤਿਆਰੀਆਂ ਦੇ ਜਾਇਜ਼ੇ ਲਈ ਅਧਿਕਾਰੀਆਂ ਨਾਲ ਬੈਠਕ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਜ਼ਿਲਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਲੋਕ ਸਭਾ ਚੋਣਾਂ 2019 ਲਈ 19 ਮਈ ਨੂੰ ਹੋਣ ਵਾਲੇ ਮਤਦਾਨ ਸਬੰਧੀ ਚੱਲ ਰਹੀਆਂ ਤਿਆਰੀਆਂ ਦੇ ਜਾਇਜ਼ੇ ਲਈ ਇੱਥੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨਾਂ ਨੇ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਲੋੜੀਂਦੇ ਪ੍ਰਬੰਧ ਸਮਾਂ ਰਹਿੰਦੇ ਕਰ ਲਏ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮਤਦਾਨ ਲਈ ਪੋਲਿੰਗ ਕੇਂਦਰਾਂ ਤੇ ਆਉਣ ਵਾਲੇ ਵੋਟਰਾਂ ਨੂੰ ਕੋਈ ਦਿੱਕਤ ਨਾ ਆਵੇ। ਉਨਾਂ ਨੇ ਕਿਹਾ ਕਿ ਪੋਲਿੰਗ ਕੇਂਦਰਾਂ ਤੇ ਵੋਟਰਾਂ ਲਈ ਪਾਣੀ, ਛਾਂ ਆਦਿ ਦੇ ਪ੍ਰਬੰਧ ਕੀਤੇ ਜਾਣ ਅਤੇ ਦਿਵਿਆਂਗ ਵੋਟਰਾਂ ਦੀ ਮਦਦ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਪੋਲਿੰਕ ਬੂਥਾਂ ਤੇ ਦਿਵਿਆਂਗ, ਬਿਮਾਰ ਅਤੇ ਬਿਰਧ ਵੋਟਰਾਂ ਨੂੰ ਵੀਲ ਚੇਅਰ ਦੀ ਸਹੁਲਤ ਵੀ ਮਿਲੇਗੀ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਪੋਲਿੰਗ ਬੂਥਾਂ ਤੇ ਮਾਇਕ੍ਰੋ ਆਬਜਰਵਰਾਂ ਰਾਹੀਂ ਚੋਣ ਕਮਿਸ਼ਨ ਵੱਲੋਂ ਨਿਗਰਾਨੀ ਕੀਤੀ ਜਾਵੇਗੀ ਜਦ ਕਿ ਜ਼ਿਲੇ ਦੇ 351 ਪੋਲਿੰਕ ਬੂਥਾਂ ਤੋਂ ਵੇਬ ਕਾਸਟਿੰਗ ਹੋਵੇਗੀ। ਇਸ ਤੋਂ ਬਿਨਾਂ ਵੋਟਿੰਗ ਮਸ਼ੀਨਾਂ ਦੀ ਆਵਾਜਾਈ ਲਈ ਵਰਤੇ ਜਾਣ ਵਾਲੇ ਸਾਰੇ ਵਾਹਨ ਜੀਪੀਐਸ ਯੁਕਤ ਹੋਣਗੇ ਅਤੇ ਉਨਾਂ ਦੇ ਰੂਟ ਦੀ ਆਨਲਾਈਨ ਮੋਨਿਟਰਿੰਗ ਹੋਵੇਗੀ। ਉਨਾਂ ਨੇ ਸਿਹਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਵੋਟਾਂ ਵਾਲੇ ਦਿਨ ਉਨਾਂ ਦੀਆਂ ਐਂਬੂਲੈਂਸ ਤਿਆਰ ਰਹਿਣ ਅਤੇ ਮੈਡੀਕਲ ਟੀਮਾਂ ਵੀ ਹਸਪਤਾਲਾਂ ਵਿਚ ਹਾਜਰ ਰਹਿਣ। ਇਸ ਤੋਂ ਬਿਨਾਂ ਪੁਲਿਸ ਅਤੇ ਕੇਂਦਰੀ ਰਿਜਰਵ ਫੋਰਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ ਵੀ ਕੀਤਾ ਜਾਵੇਗਾ। ਜ਼ਿਲਾ ਚੋਣ ਅਫ਼ਸਰ ਨੇ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਰੱਖਿਆ ਲਈ ਪੂਰੇ ਇੰਤਜਾਮ ਕੀਤੇ ਗਏ ਹਨ ਅਤੇ ਹਰੇਕ ਵੋਟਰ ਬਿਨਾਂ ਕਿਸੇ ਡਰ ਲਾਲਚ ਜਾਂ ਭੈਅ ਦੇ ਆਪਣੇ ਵੋਟ ਹੱਕ ਦਾ ਇਸਤੇਮਾਲ ਜਰੂਰ ਕਰੇ। ਬੈਠਕ ਵਿਚ ਏ.ਡੀ.ਸੀ. ਵਿਕਾਸ ਸ: ਐਚ.ਐਸ. ਸਰਾਂ, ਏ.ਡੀ.ਸੀ. ਜਨਰਲ ਡਾ: ਰਿਚਾ, ਐਸ.ਡੀ.ਐਮ. ਸ: ਗੋਪਾਲ ਸਿੰਘ, ਸ: ਰਣਦੀਪ ਸਿੰਘ ਹੀਰ, ਸ੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਐਸ.ਪੀ. ਸ: ਗੁਰਮੇਲ ਸਿੰਘ ਧਾਲੀਵਾਲ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਮਲਕੀਤ ਸਿੰਘ ਵੀ ਹਾਜਰ ਸਨ।
Powered by Blogger.