
ਚੰਡੀਗੜ੍ਹ-ਰਾਜ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਅਧਿਆਪਕ ਤਬਾਦਲਾ ਮਸਲੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਵੀਂ ਤਬਾਦਲਾ ਨੀਤੀ ਪੰਜਾਬ ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀ ਗਈ ਸੀ, ਜਿਸ ਨੂੰ ਲੋਕ ਸਭਾ ਚੋਣਾਂ ਦੇ ਚਲਦੇ ਲੱਗੇ ਚੋਣ ਜ਼ਾਬਤੇ ਕਾਰਨ ਰੋਕ ਦਿੱਤਾ ਗਿਆ ਸੀ ਪਰ ਹੁਣ ਨੀਤੀ ਮੁਤਾਬਿਕ ਹੀ ਅਧਿਆਪਕਾਂ ਦੇ ਤਬਾਦਲੇ ਕੀਤੇ ਜਾਣਗੇ| ਇਤਿਹਾਸ ਵਿਸ਼ੇ ਦੇ ਸਿਲੇਬਸ ਸਬੰਧੀ ਵਿਵਾਦ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਫਾਈਲ ਮੰਗਵਾ ਕੇ ਦੇਖਣਗੇ ਤੇ ਉਸ ਮਗਰੋਂ ਇਸ ਮਸਲੇ ਦਾ ਵੀ ਪੱਕਾ ਹੱਲ ਲੱਭਿਆ ਜਾਵੇਗਾ| ਰਾਜ ਦੀ ਸਕੂਲ ਸਿੱਖਿਆ ਪ੍ਰਣਾਲੀ 'ਚ ਕੀਤੇ ਜਾਣ ਵਾਲੇ ਸੁਧਾਰ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਰਾਜ 'ਚ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਸਬੰਧੀ ਕਾਫ਼ੀ ਸ਼ਿਕਾਇਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ ਅਤੇ ਨਿੱਜੀ ਸਕੂਲਾਂ ਨੂੰ ਲਗਾਮ ਲਾਉਣ ਲਈ ਪੰਜਾਬ ਸਰਕਾਰ ਛੇਤੀ ਹੀ ਆਮ ਲੋਕਾਂ ਲਈ ਟੋਲ ਫ੍ਰੀ ਨੰਬਰ ਜਾਰੀ ਕਰਨ ਜਾ ਰਹੀ ਹੈ, ਜਿਸ ਜ਼ਰੀਏ ਬੱਚਿਆਂ ਦੇ ਮਾਪੇ ਸਕੂਲਾਂ, ਖ਼ਾਸ ਤੌਰ 'ਤੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਵਿਰੁੱਧ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਮਾਪਿਆਂ ਵਲੋਂ ਟੋਲ ਫ਼੍ਰੀ ਨੰਬਰ 'ਤੇ ਕੀਤੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਹੋਵੇਗੀ| ਮੰਤਰੀ ਨੇ ਦੁਹਰਾਇਆ ਕਿ ਨਿੱਜੀ ਸਕੂਲ ਬੱਚਿਆਂ ਦੇ ਮਾਪਿਆਂ ਨੂੰ ਸਕੂਲ 'ਚੋਂ ਹੀ ਮਹਿੰਗੀ ਵਰਦੀ, ਕਿਤਾਬਾਂ ਖ਼ਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ| ਉਨ੍ਹਾਂ ਕਿਹਾ ਕਿ ਜਦਕਿ ਸਕੂਲਾਂ ਨੂੰ ਵੀ ਆਪਣੇ ਸਕੂਲ ਨਾਲ ਸਬੰਧਿਤ ਪੂਰੀ ਜਾਣਕਾਰੀ ਸਕੂਲ ਦੀ ਵੈੱਬਸਾਈਟ 'ਤੇ ਪਾਉਣੀ ਹੋਵੇਗੀ| ਜ਼ਿਕਰਯੋਗ ਹੈ ਕਿ ਢਾਈ ਸਾਲ ਬਾਅਦ ਸਿੱਖਿਆ ਵਿਭਾਗ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮਿਲਣ ਮਗਰੋਂ ਉਹ ਲਗਾਤਾਰ ਸਿੱਖਿਆ ਵਿਭਾਗ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀਆਂ ਗੱਲਾਂ ਤਾਂ ਕਰ ਰਹੇ ਹਨ ਪਰ ਇਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾ ਸਕਣਗੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ| ਰਾਜ ਦੇ ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕੂਲੀ ਵਰਦੀ ਦੇਣ ਦੇ ਮਾਮਲੇ 'ਚ ਹੋਈ ਕਿਰਕਿਰੀ ਬਾਰੇ ਮੰਤਰੀ ਨੇ ਦਾਅਵਾ ਕੀਤਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ ਅਤੇ ਪੁਸਤਕਾਂ ਮਿਲ ਸਕਣ|