ਮਾਲਵੇ 'ਚ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਰਾਤ ਭਰ ਤੋਂ ਤੜਕੇ ਤੱਕ ਪਏ ਮੀਂਹ ਨੇ ਮਾਲਵਾ ਖੇਤਰ 'ਚ ਭਾਰੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਮੀਂਹ ਪੈਣ ਕਾਰਨ ਹਜ਼ਾਰਾਂ ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ। ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜ ਗਿਆ ਹੈ, ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਜੇਕਰ ਹੋਰ ਮੀਂਹ ਪਿਆ ਤਾਂ ਘੱਗਰ ਭਾਰੀ ਤਬਾਹੀ ਮਚਾਏਗਾ। ਕਈ ਥਾਈਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਹੈ। ਦੂਜੀ ਰਾਤ ਵੀ ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਲਗਾਤਾਰ ਮੀਂਹ ਪੈਣ ਕਾਰਨ ਹਜ਼ਾਰਾਂ ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਪਾਣੀ ਦਾ ਵਹਾਅ ਨੀਵੇਂ ਖੇਤਰਾਂ ਨੂੰ ਹੋਣ ਕਾਰਨ ਇਲਾਕੇ ਦੇ ਦਰਜਨਾਂ ਪਿੰਡ ਬੇਹੱਦ ਪ੍ਰਭਾਵਿਤ ਹੋ ਗਏ ਹਨ। ਇਲਾਕੇ 'ਚ ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਪਾਣੀ ਉੱਛਲ ਕੇ ਖੇਤਾਂ 'ਚ ਪੈ ਰਿਹਾ ਹੈ। ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਉਦੇਕਰਨ ਨੇੜੇ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਸੜਕ ਅਤੇ ਪਿੰਡ ਲੁਬਾਣਿਆਂਵਾਲੀ ਵਿਖੇ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਮੁੱਖ ਸੜਕ 'ਤੇ ਇਲਾਕੇ ਦੇ ਕਿਸਾਨਾਂ ਵਲੋਂ ਆਵਾਜਾਈ ਠੱਪ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਕਰਵਾਈ ਜਾਵੇ। ਕਈ ਪਿੰਡਾਂ ਵਿਚ ਮੀਂਹ ਦਾ ਜੁੜਿਆ ਪਾਣੀ ਘਰਾਂ ਵਿਚ ਦਾਖ਼ਲ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਧਰਨਿਆਂ ਵਿਚ ਵੀ ਸ਼ਾਮਿਲ ਹੋਏ। ਉਨ੍ਹਾਂ ਫ਼ਸਲਾਂ ਦੇ ਨੁਕਸਾਨ ਲਈ ਕਾਂਗਰਸ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਲਾਪ੍ਰਵਾਹੀ ਦਾ ਸਿੱਟਾ ਹੈ ਅਤੇ ਸੇਮ ਨਾਲਿਆਂ ਦੀ ਦੋ ਸਾਲ ਤੋਂ ਸਫ਼ਾਈ ਨਹੀਂ ਹੋਈ। ਪਿੰਡ ਉਦੇਕਰਨ, ਸੰਗੂਧੌਣ, ਡੋਹਕ, ਲੁਬਾਣਿਆਂਵਾਲੀ, ਜੰਮੂਆਣਾ, ਸੱਕਾਂਵਾਲੀ, ਭੁੱਟੀਵਾਲਾ, ਥਾਂਦੇਵਾਲਾ, ਕਾਨਿਆਂਵਾਲੀ ਕਲਾਂ, ਕਾਉਣੀ ਆਦਿ ਦਰਜਨਾਂ ਪਿੰਡਾਂ ਵਿਚ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
Powered by Blogger.