ਰਾਜਾ ਵੜਿੰਗ ਵੱਲੋਂ ਸੀਵਰੇਜ ਦੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ-ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ


ਗਿੱਦੜਬਾਹਾ (ਅਰੋੜਾ) ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹਿਰ ਅੰਦਰ ਸੀਵਰੇਜ ਦੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਜਲਦ ਇਸ ਦੇ ਹੱਲ ਦੇ ਨਿਰਦੇਸ਼ ਦਿੱਤੇ। ਸੀਵਰੇਜ ਦਾ ਪਾਣੀ ਗਲੀਆਂ ਵਿਚ ਭਰਨ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਜ਼ਿਆਦਾ ਬਾਰਿਸ਼ ਹੋਣ ਕਰਕੇ ਇਹ ਸਮੱਸਿਆ ਆਈ ਹੈ, ਸੀਵਰੇਜ ਦਾ ਪਾਣੀ ਪਹਿਲਾਂ ਖੇਤਾਂ ਨੂੰ ਜਾਂਦਾ ਸੀ ਪਰ ਬਾਰਿਸ਼ ਜ਼ਿਆਦਾ ਹੋਣ ਕਾਰਨ ਖੇਤਾਂ ਵਿਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਹੈ ਅਤੇ ਖੇਤਾਂ ਵਿਚ ਹੋਰ ਪਾਣੀ ਨਹੀਂ ਛੱਡਿਆ ਜਾ ਸਕਦਾ। ਇਸ ਲਈ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਗਿੱਦੜਬਾਹਾ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਗਿੱਦੜਬਾਹਾ ਦੇ ਕਿਸਾਨਾਂ ਰਾਜ ਸਿੰਘ, ਬਲਜੀਤ ਸਿੰਘ ਆਦਿ ਨੇ ਰਾਜਾ ਵੜਿੰਗ ਨੂੰ ਦੱਸਿਆ ਕਿ ਸੀਵਰੇਜ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਭਰ ਗਿਆ ਹੈ ਅਤੇ ਉਨ੍ਹਾਂ ਦੇ ਘਰ ਵੀ ਸੀਵਰੇਜ ਦੇ ਪਾਣੀ ਦੀ ਮਾਰ ਵਿਚ ਆ ਗਏ ਹਨ ਅਤੇ ਉਨ੍ਹਾਂ ਨੂੰ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ, ਇੱਥੋਂ ਤੱਕ ਕਿ ਸੀਵਰੇਜ ਦੇ ਪਾਣੀ ਵਿਚੋਂ ਆ ਰਹੀ ਬਦਬੂ ਕਾਰਨ ਉਹ ਰੋਟੀ ਵੀ ਨਹੀਂ ਖਾ ਸਕਦੇ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਰਾਜਾ ਵੜਿੰਗ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੀਵਰੇਜ ਦਾ ਪਾਣੀ ਖੇਤਾਂ ਵਿਚ ਨਹੀਂ ਛੱਡਿਆ ਜਾਵੇਗਾ ਅਤੇ ਕਿਸਾਨਾਂ ਨੂੰ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮਿਲੇਗਾ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਾਵਿੰਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਹਲਕਾ ਵਿਧਾਇਕ ਨਾਲ ਸ਼ਹਿਰ ਅੰਦਰ ਮੌਕਾ ਦੇਖਿਆ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਇਕ-ਦੋ ਦਿਨਾਂ ਵਿਚ ਸੁਪਰ ਸਕਰ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਕਰਵਾਉਣਗੇ ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ।
Powered by Blogger.