ਬੀ.ਡੀ.ਪੀ.ਓ. ਦਫ਼ਤਰ 'ਚ ਕੰਮ ਬੰਦ ਕਰ ਕੇ ਕੀਤਾ ਰੋਸ ਪ੍ਰਦਰਸ਼ਨ


ਮਾਮਲਾ ਏ. ਡੀ. ਸੀ. ਨੂੰ ਬੰਧਕ ਬਣਾ ਕੇ ਬਦਸਲੂਕੀ ਕਰਨ ਦਾ 
ਗਿੱਦੜਬਾਹਾ (ਅਰੋੜਾ) ਬੀਤੇ ਦਿਨੀਂ ਜ਼ਿਲ੍ਹਾ ਮਾਨਸਾ ਦੇ ਏ.ਡੀ.ਸੀ. ਦਫ਼ਤਰ ਵਿਚ ਕੁੱਝ ਲੋਕਾਂ ਵਲੋਂ ਏ.ਡੀ.ਸੀ. (ਵਿਕਾਸ) ਗੁਰਮੀਤ ਸਿੰਘ ਸੰਧੂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗਿੱਦੜਬਾਹਾ ਦੇ ਦਫ਼ਤਰ ਵਲੋਂ ਕੰਮਕਾਜ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਬੀ.ਡੀ.ਪੀ.ਓ. ਸ੍ਰੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਆਪ ਹੁਦਰੀਆਂ ਕਾਰਵਾਈਆਂ ਨਾਲ ਜਿੱਥੇ ਅਫ਼ਸਰਾਂ ਦੇ ਮਾਣ-ਸਨਮਾਨ ਨੂੰ ਸੱਟ ਲਗਦੀ ਹੈ ਉੱਥੇ ਹੀ ਲੋਕਾਂ ਦੇ ਕੰਮਾਂ ਵਿਚ ਵੀ ਵਿਘਨ ਪੈਂਦਾ ਹੈ, ਜਿਸ ਕਾਰਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਬੀਤੇ ਦਿਨ ਚੰਡੀਗੜ੍ਹ ਵਿਖੇ ਇਕ ਮੀਟਿੰਗ ਵੀ ਕੀਤੀ ਗਈ ਸੀ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਉਪਰੋਕਤ ਦੋਸ਼ੀ ਵਿਅਕਤੀਆਂ 'ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੰਮਕਾਰ ਬੰਦ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਅੱਜ ਬਲਾਕ ਪੱਧਰ 'ਤੇ ਸਮੂਹ ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰਾਂ ਵਲੋਂ ਕੰਮਕਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਸ੍ਰੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਜਦ ਤੱਕ ਸਬੰਧਿਤ ਲੋਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੰਮਕਾਰ ਬੰਦ ਹੀ ਰੱਖਿਆ ਜਾਵੇਗਾ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਅਧਿਕਾਰੀਆਂ ਨੂੰ ਦਫ਼ਤਰਾਂ ਵਿਚ ਬੰਦ ਕਰਕੇ ਜਲੀਲ ਕੀਤਾ ਜਾਵੇਗਾ ਤਾਂ ਉਹ ਲੋਕਾਂ ਦੇ ਕੰਮ ਕਿਸ ਤਰ੍ਹਾਂ ਕਰਨਗੇ? ਇਸ ਮੌਕੇ ਐਸ.ਈ.ਪੀ.ਓ. ਜਸਵੰਤ ਰਜੋਰਾ, ਪੰਚਾਇਤ ਅਫ਼ਸਰ ਮਲਕੀਤ ਸਿੰਘ, ਗੁਰਜੀਤ ਰਾਣੀ, ਬਲਕਰਨ ਰਾਮ, ਸੀਮਾ ਰਾਣੀ, ਬਲਦੇਵ ਰਾਜ ਸ਼ਰਮਾ, ਰਣਜੀਤ ਸਿੰਘ, ਜਲੌਰ ਸਿੰਘ, ਹਰਚਰਨ ਸਿੰਘ, ਦੀਵਾਨ ਚੰਦ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
Powered by Blogger.