ਨਵੀਂ ਦਿੱਲੀ- 12 ਏਕੜ 'ਚ ਬਣੀ ਅਤੇ 7 ਸਾਲ 'ਚ ਪੂਰੀ ਹੋਈ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਦਘਾਟਨ ਕੀਤਾ। ਇਸ ਮੌਕੇ 'ਤੇ ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ 9 ਭਾਸ਼ਾਵਾਂ 'ਚ ਅਨੁਵਾਦ ਕੀਤਾ ਗਿਆ ਹੈ। ਸੌ ਫ਼ੈਸਲਿਆਂ ਦਾ ਅਨੁਵਾਦ ਕੀਤਾ ਜਾ ਚੁੱਕਾ ਹੈ। ਇਨ੍ਹਾਂ ਫ਼ੈਸਲਿਆਂ ਨੂੰ ਵੀ ਅਦਾਲਤ ਦੀ ਜਲਦ ਵੈੱਬਸਾਈਟ 'ਤੇ ਉਪਲਬਧ ਕਰਵਾਇਆ ਜਾਵੇਗਾ। ਰਾਸ਼ਟਰਪਤੀ ਨੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਹਿੰਦੀ ਸਮੇਤ 9 ਭਾਸ਼ਾਵਾਂ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਉਪਲਬਧ ਹੋਣ ਦਾ ਮਤਲਬ ਹੈ ਕਿ ਸਾਰੇ ਲੋਕਾਂ ਨੂੰ ਸਮਝਣ 'ਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਹਰ ਉਸ ਭਾਸ਼ਾ 'ਚ ਹੋਣ ਚਾਹੀਦੇ ਹਨ, ਜਿਨ੍ਹਾਂ ਨੂੰ ਸਮਝਣ ਲਈ ਲੋਕਾਂ ਨੂੰ ਆਸਾਨੀ ਹੋਵੇ। ਇਥੇ ਦੱਸਣਯੋਗ ਹੈ ਕਿ ਇਮਾਰਤ ਦਾ ਕੰਮ 2012 'ਚ ਸ਼ੁਰੂ ਹੋਇਆ ਜੋ ਕਿ ਸੱਤ ਸਾਲ ਬਾਅਦ 2019 'ਚ ਪੂਰਾ ਹੋਇਆ ਹੈ।