ਜਲਾਲਾਬਾਦ ਜ਼ਿਮਨੀ ਚੋਣ ‘ਚ ਫ਼ਸਵੀਂ ਟੱਕਰ ਦੇ ਆਸਾਰ


ਜਲਾਲਾਬਾਦ (ਅਰੋੜਾ) 21 ਅਕਤੂਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀ ਹੋ ਰਹੀ ਉਪ ਚੋਣ ਵਿਚ ਬਹੁਤ ਹੀ ਫਸਵੀਂ ਟੱਕਰ ਦੇ ਆਸਾਰ ਬਣੇ ਨਜ਼ਰ ਆ ਰਹੇ ਹਨ। ਜਲਾਲਾਬਾਦ, ਦਾਖਾ ਤੇ ਮੁਕੇਰੀਆਂ ਹਲਕਿਆਂ 'ਚ ਜਿੱਥੇ ਕਾਂਗਰਸ ਤੇ ਅਕਾਲੀ-ਭਾਜਪਾ ਉਮੀਦਵਾਰਾਂ ਵਿਚ ਸਿੱਧੇ ਮੁਕਾਬਲੇ ਬਣੇ ਹੋਏ ਹਨ, ਉੱਥੇ ਫਗਵਾੜਾ ਰਾਖਵੇਂ ਹਲਕੇ ਵਿਚ ਤਿੰਨ ਧਿਰੀ ਮੁਕਾਬਲੇ ਵਾਲੀ ਹਾਲਤ ਬਣੀ ਹੋਈ ਹੈ। ਚੋਣ ਪ੍ਰਚਾਰ ਲਈ ਹੁਣ ਜਦ ਸਿਰਫ ਹਫ਼ਤੇ ਕੁ ਦਾ ਹੀ ਸਮਾਂ ਰਹਿ ਗਿਆ ਹੈ ਤਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਚੋਣ ਮੁਹਿੰਮ ਵਿਚ ਕੁੱਦੇ ਹੋਏ ਹਨ। ਜੇਕਰ ਗੱਲ ਕਰੀਏ ਜਲਾਲਾਬਾਦ ਹਲਕੇ 'ਚ 2017 ਦੀ ਚੋਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨਾਲੋਂ 43732 ਵਧੇਰੇ ਵੋਟਾਂ ਲੈ ਕੇ ਜਿੱਤੀ ਸੀ ਤੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਇਸ ਹਲਕੇ ਤੋਂ ਉਹ ਫਿਰ ਕਾਂਗਰਸ ਉਮੀਦਵਾਰ ਨਾਲੋਂ 30 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਅੱਗੇ ਰਹੇ ਹਨ। ਬੁਨਿਆਦੀ ਤੌਰ 'ਤੇ ਅਕਾਲੀ ਹਲਕਾ ਸਮਝੇ ਜਾਂਦੇ ਜਲਾਲਾਬਾਦ ਵਿਚ ਇਸ ਵੇਲੇ ਕਾਂਗਰਸ ਤੇ ਅਕਾਲੀ ਉਮੀਦਵਾਰ ਵਿਚਾਲੇ ਸਿੱਧੀ ਟੱਕਰ ਹੈ। ਅਕਾਲੀ ਦਲ ਦੀ ਸਾਰੀ ਟੇਕ ਇਸ ਹਲਕੇ 'ਚ ਅਕਾਲੀ-ਭਾਜਪਾ ਰਾਜ ਸਮੇਂ ਕੀਤੇ ਵਿਕਾਸ ਉੱਪਰ ਹੈ, ਜਦਕਿ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਆਪਣੀ ਸਰਕਾਰ ਦੇ ਸਮੇਂ ਹੋਏ ਵਿਕਾਸ ਕਾਰਜਾਂ ਦੇ ਸਿਰ 'ਤੇ ਵੋਟਾਂ ਮੰਗ ਰਹੇ ਹਨ। ਚੋਣ ਅਧਿਕਾਰੀਆਂ ਕੋਲ ਦਿੱਤੇ ਸੰਪਤੀ ਦੇ ਵੇਰਵਿਆਂ ਮੁਤਾਬਿਕ ਆਵਲਾ ਪੰਜਾਬ ਦੇ ਚੋਟੀ ਦੇ ਦੋ ਰਾਜਸੀ ਘਰਾਣਿਆਂ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਤੋਂ ਵੀ ਅਮੀਰ ਹੈ। ਅਕਾਲੀ ਦਲ ਖਾਸਕਰ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਸੀਟ ਵੱਡੇ ਵਕਾਰ ਦਾ ਸਵਾਲ ਹੈ ਤੇ ਇਸੇ ਲਈ ਉਹ ਬਹੁਤਾ ਸਮਾਂ ਇਸੇ ਹਲਕੇ ਨੂੰ ਦੇ ਰਹੇ ਹਨ। ਹੁਣ ਦੇਖਣਾਂ ਇਹ ਹੋਵੇਗਾ ਕਿ ਜਲਾਲਾਬਾਦ ਦੇ ਵੋਟਰ ਕਿਸ ਦੇ ਸਿਰ ਜਿੱਤ ਦਾ ਤਾਜ ਰੱਖਦੇ ਹਨ।
Powered by Blogger.