ਮੁਕਤਸਰ ’ਚ ਰਾਹਗੀਰਾਂ ਲਈ ਰੇਲਵੇ ਪੁਲ ਬਣਨ ਲੱਗਿਆ


ਸ੍ਰੀ ਮੁਕਤਸਰ ਸਾਹਿਬ- ਮੁਕਤਸਰ ਦੇ 117 ਸਾਲ ਪੁਰਾਣੀਆਂ ਰੇਲਵੇ ਲਾਈਨਾਂ ਨੇ ਸ਼ਹਿਰ ਨੂੰ ਦੋ ਹਿੱਸਿਆ ’ਚ ਵੰਡਿਆ ਹੈ। ਭਾਰੀ ਆਵਾਜਾਈ ਕਰ ਕੇ ਰੇਲਵੇ ਓਵਰ ਬਰਿੱਜ ਦੀ ਅਹਿਮ ਲੋੜ ਨੂੰ ਵੇਖਦਿਆਂ 2008 ਵਿੱਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੇਲਵੇ ਪੁਲ ਦਾ ਨੀਂਹ ਪੱਥਰ ਰੱਖਿਆ ਸੀ ਤੇ ਕਰੀਬ 40 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਸੀ ਪਰ ਅਜੇ ਤੱਕ ਪੁਲ ਦੇ ਨਾਂ ‘ਤੇ ਇਕ ਇੱਟ ਵੀ ਨਹੀਂ ਲੱਗੀ। ਇਸ ਦੇ ਨਾਲ ਹੀ ਪੈਦਲ ਲੋਕਾਂ ਦੇ ਲੰਘਣ ਵਾਸਤੇ ਵੀ ਕੋਈ ਪ੍ਰਬੰਧ ਨਾ ਹੋਣ ਕਰ ਕੇ ਲੋਕ ਕਈ-ਕਈ ਦਿਨ ਖੜ੍ਹੀਆਂ ਰਹਿਣ ਵਾਲੀਆਂ ਮਾਲ ਗੱਡੀਆਂ ਦੇ ਥੱਲੋਂ ਦੀ ਆਪਣੀ ਜਾਨ ਖਤਰੇ ’ਚ ਪਾ ਕੇ ਲੰਘਣ ਵਾਸਤੇ ਮਜਬੂਰ ਸਨ। ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ‘ਨੈਸ਼ਨਲ ਕਨਜ਼ਿਊਮਰ ਅਵੇਅਰਨੈਸ ਗਰੁੱਪ’ ਦੇ ਮੁਖੀ ਸ਼ਾਮ ਲਾਲ ਗੋਇਲ ਨੇ ਚੁੱਕਿਆ ਅਤੇ ਉਨ੍ਹਾਂ ਦੀ ਲੰਬੀ ਜੱਦੋਜਹਿਦ ਬਾਅਦ ਹੁਣ ‘ਰੇਲਵੇ ਫੁੱਟ ਬਰਿੱਜ’ ਤਾਂ ਬਣਨਾ ਸ਼ੁਰੂ ਹੋ ਗਿਆ ਹੈ ਜਿਸ ਕਰ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਗਰੁੱਪ ਦੇ ਸ਼ਾਮ ਲਾਲ ਗੋਇਲ, ਗੋਬਿੰਦ ਸਿੰਘ ਦਾਬੜਾ, ਬਲਦੇਵ ਸਿੰਘ ਬੇਦੀ, ਭੰਵਰ ਲਾਲ ਤੇ ਜਸਵੰਤ ਬਰਾੜ ਨੇ ਦੱਸਿਆ ਕਿ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨਾਲ ਹੋਈ ਬੈਠਕ ਦੌਰਾਨ ਉਨ੍ਹਾਂ ਵਾਹਨਾਂ ਲਈ ਰੇਲਵੇ ਓਵਰ ਬਰਿੱਜ ਦਾ ਨਿਰਮਾਣ ਜਲਦ ਸ਼ੁਰੂ ਕਰਨ, ਪੁਰਾਣਾ ਮਾਲ ਗੋਦਾਮ ਖਤਮ ਕਰ ਕੇ ਪਲੈਟਫਾਰਮ ‘ਚ ਵਾਧਾ ਕਰਨ ਦੀ ਤਜਵੀਜ਼ ਰੱਖੀ ਸੀ ਤਾਂ ਜੋ ਲੰਬੇ ਰੂਟ ਦੀਆਂ ਗੱਡੀਆਂ ਚੱਲਣ ਦਾ ਪ੍ਰਬੰਧ ਹੋ ਸਕੇ। ਇਸੇ ਤਰ੍ਹਾਂ ਬੂੜਾ ਗੁੱਜਰ ਰੋਡ ਉਪਰ ਅੰਡਰ ਬਰਿਜ ਬਣਾਏ ਜਾਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਮੰਗਾਂ ‘ਤੇ ਗੌਰ ਕਰਨ ਦਾ ਵਾਅਦਾ ਕੀਤਾ ਹੈ। ਇਸ ਦੌਰਾਨ ਪੈਦਲ ਚੱਲਣ ਲਈ ਪੁਲ ਤਿਆਰ ਰਹੀ ਕੰਪਨੀ ਦੇ ਮੌਕੇ ‘ਤੇ ਮੌਜੂਦ ਪ੍ਰਬੰਧਕ ਨੇ ਦੱਸਿਆ ਕਿ ਆਧੁਨਿਕ ਤਰਜ ਦੇ ਇਸ ਪੁਲ ‘ਤੇ ਕਰੀਬ ਢਾਈ ਕਰੋੜ ਰੁਪਏ ਖਰਚ ਆਵੇਗਾ। ਇਹ ਪੁਲ 150 ਫੁੱਟ ਲੰਬਾ ਅਤੇ 10 ਫੁੱਟ ਚੌੜਾ ਹੋਵੇਗਾ। ਪੁਲ ਉਪਰ ਚੜ੍ਹਨ ਲਈ ਪੌੜੀਆਂ ਤੇ ਢਾਲ ਦਾ ਵੱਖੋ-ਵੱਖ ਪ੍ਰਬੰਧ ਹੋਵੇਗਾ। ਇਹ ਸਾਰਾ ਪੁਲ ਤੇ ਪੌੜੀਆਂ ਉਪਰੋਂ ਢਕੀਆਂ ਹੋਣਗੀਆਂ। ਇਹ ਪੁਲ ਕਰੀਬ ਇਕ ਮਹੀਨੇ ਵਿੱਚ ਤਿਆਰ ਹੋ ਜਾਵੇਗਾ।
Powered by Blogger.