ਆਮ ਆਦਮੀ ਪਾਰਟੀ ਦਾ ਦਾਅਵਾ- ਡਿੱਗੇਗੀ ਕੈਪਟਨ ਸਰਕਾਰ


ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਤੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ 'ਚ ਕਾਂਗਰਸ ਸਰਕਾਰ ਤੋਂ ਨਾਰਾਜ਼ ਕਾਂਗਰਸੀ ਵਿਧਾਇਕਾਂ ਨੂੰ 'ਆਪ' ਨਾਲ ਮਿਲ ਕੇ ਨਵੀਂ ਸਰਕਾਰ ਦੇ ਗਠਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਨਾਰਾਜ਼ ਕਾਂਗਰਸੀ ਵਿਧਾਇਕ, 'ਆਪ' ਦੇ ਵਿਧਾਇਕਾਂ ਨਾਲ ਰਲ਼ ਕੇ ਸੂਬੇ 'ਚ ਮਾਫ਼ੀਆ ਤੇ ਭ੍ਰਿਸ਼ਟਾਚਾਰ ਰਹਿਤ ਸਰਕਾਰ ਦਾ ਗਠਨ ਕਰ ਸਕਦੇ ਹਨ। ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ ਜਿਹੇ ਨਾਰਾਜ਼ ਕਾਂਗਰਸੀ ਵਿਧਾਇਕਾਂ ਦਾ ਹਵਾਲਾ ਦਿੰਦਿਆਂ ਅਰੋੜਾ ਨੇ ਕਿਹਾ ਹੈ ਕਿ ਸੂਬੇ 'ਚ ਭ੍ਰਿਸ਼ਟਾਚਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਰੁਖ਼ੀ ਤੋਂ ਨਾਰਾਜ਼ ਲਗਪਗ 40 ਕਾਂਗਰਸੀ ਵਿਧਾਇਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਅਰੋੜਾ ਨੇ ਕਿਹਾ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਇਹ ਗੱਲ ਮੰਨੀ ਹੈ ਕਿ ਪੰਜਾਬ 'ਚ ਮਾਫ਼ੀਆ ਦਾ ਰਾਜ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਰੋੜਾ ਨੇ ਜਲਾਲਪੁਰ, ਕੰਬੋਜ, ਰਜਿੰਦਰ ਸਿੰਘ ਤੇ ਸ਼ੁਤਰਾਣਾ ਜਿਹੇ ਵਿਧਾਇਕਾਂ ਰਾਹੀਂ ਸਾਰੇ ਨਾਰਾਜ਼ ਵਿਧਾਇਕਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਹੈ ਕਿ 'ਆਪ' ਦੇ 19 ਤੇ ਕਾਂਗਰਸ ਦੇ 40 ਨਾਰਾਜ਼ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਤੋਂ ਦਰਕਿਨਾਰ ਚੱਲ ਰਹੇ ਨਵਜੋਤ ਸਿੰਘ ਸਿੱਧੂ ਜੇਕਰ ਮਿਲ ਜਾਣ ਤਾਂ 59-60 ਵਿਧਾਇਕਾਂ ਦੀ ਗਿਣਤੀ ਨਾਲ ਸੂਬੇ 'ਚ ਸਰਕਾਰ ਦਾ ਗਠਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਪੰਜਾਬ 'ਚ ਦਿੱਲੀ ਦੀ ਤਰਜ਼ 'ਤੇ ਮਾਫ਼ੀਆ ਤੇ ਭ੍ਰਿਸ਼ਟਾਚਾਰ ਤੋਂ ਰਹਿਤ ਸਰਕਾਰ ਬਣਾ ਕੇ ਪੰਜਾਬ ਨੂੰ ਵਿਕਾਸ ਦੇ ਮਾਰਗ 'ਤੇ ਲਿਆ ਸਕਦੇ ਹਨ।
Powered by Blogger.