ਪ੍ਰਧਾਨ ਮੰਤਰੀ ਤੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲੇਗੀ ਐੱਸਪੀਜੀ


ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੱਚਿਆਂ ਰਾਹੁਲ ਤੇ ਪ੍ਰਿਯੰਕਾ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ ਸਗੋਂ ਇਸ ’ਚ ਬਦਲਾਅ ਕਰਕੇ ‘ਜ਼ੈੱਡ-ਪਲੱਸ’ ਕਰ ਦਿੱਤਾ ਗਿਆ ਹੈ। ਐੱਸਪੀਜੀ (ਸੋਧ) ਬਿੱਲ ’ਤੇ ਲੋਕ ਸਭਾ ’ਚ ਬਹਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਬਦਲਾਖੋਰੀ ਦੇ ਨਜ਼ਰੀਏ ਨਾਲ ਕੋਈ ਕਾਰਵਾਈ ਨਹੀਂ ਕਰਦੀ ਹੈ ਪਰ ਕਾਂਗਰਸ ਨੇ ਬੀਤੇ ’ਚ ਅਜਿਹੇ ਕਈ ਫ਼ੈਸਲੇ ਲਏ ਸਨ। ਇਸ ਦੌਰਾਨ ਐੱਸਪੀਜੀ (ਸੋਧ) ਬਿੱਲ ਲੋਕ ਸਭਾ ’ਚ ਪਾਸ ਹੋ ਗਿਆ ਜਿਸ ਤਹਿਤ ਹੁਣ ਐੱਸਪੀਜੀ ਸਿਰਫ਼ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਨਾਲ ਰਹਿੰਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ’ਚ ਹੀ ਤਾਇਨਾਤ ਹੋਵੇਗੀ। ਸ੍ਰੀ ਸ਼ਾਹ ਨੇ ਕਿਹਾ,‘‘ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐੱਸਪੀਜੀ ਐਕਟ ’ਚ ਸੋਧ ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਲੈਣ ਲਈ ਕੀਤੀ ਜਾ ਰਹੀ ਹੈ। ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ ਸਗੋਂ ਇਸ ’ਚ ਬਦਲਾਅ ਕਰਕੇ ਜ਼ੈੱਡ-ਪਲੱਸ ਕਰ ਦਿੱਤਾ ਗਿਆ ਹੈ ਜਿਸ ਤਹਿਤ ਆਧੁਨਿਕ ਸੁਰੱਖਿਆ ਦੇ ਨਾਲ ਨਾਲ ਮੁਲਕ ’ਚ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀਆਂ ਚੰਦਰਸ਼ੇਖਰ, ਇੰਦਰ ਕੁਮਾਰ ਗੁਜਰਾਲ ਅਤੇ ਮਨਮੋਹਨ ਸਿੰਘ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਈ ਗਈ ਸੀ ਤਾਂ ਕਿਸੇ ਨੇ ਇਕ ਵੀ ਸ਼ਬਦ ਨਹੀਂ ਬੋਲਿਆ ਸੀ। ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਏ ਜਾਣ ਮਗਰੋਂ ਸਰਕਾਰ ਨੇ ਐੱਸਪੀਜੀ ਸੋਧ ਬਿੱਲ ਲਿਆਂਦਾ ਹੈ।
ਸੱਤਾ ਹਥਿਆਉਣ ਲਈ ਵਿਰੋਧੀਆਂ ਨੇ ਹੱਥ ਮਿਲਾਏ: ਸ਼ਾਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੱਖ ਵੱਖ ਵਿਚਾਰਧਾਰਵਾਂ ਵਾਲੀਆਂ ਸਿਆਸੀ ਪਾਰਟੀਆਂ ਮਹਾਰਾਸ਼ਟਰ ’ਚ ਸੱਤਾ ਹਥਿਆਉਣ ਲਈ ਇਕੱਠੀਆਂ ਹੋ ਗਈਆਂ ਹਨ ਅਤੇ ਉਨ੍ਹਾਂ ਲੋਕ ਫ਼ਤਵੇ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਅਨੈਤਿਕ ਗੱਠਜੋੜ ਬਣਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਸ਼ਿਵ ਸੈਨਾ ਨੂੰ ਮੁੱਖ ਮੰਤਰੀ ਅਹੁਦੇ ਦਾ ਕੋਈ ਭਰੋਸਾ ਨਹੀਂ ਦਿੱਤਾ ਸੀ ਅਤੇ ਚੋਣ ਰੈਲੀਆਂ ’ਚ ਵੀ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਜਾਂਦਾ ਸੀ। ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਬਣੇ ਗੱਠਜੋੜ ਨੇ ਪੂਰਾ ਤਬੇਲਾ ਹੀ ਲੁੱਟ ਲਿਆ ਹੈ।
ਵਾਦੀ ’ਚ ਪਥਰਾਅ ਦੀਆਂ ਘਟਨਾਵਾਂ 40-45 ਫ਼ੀਸਦੀ ਤੱਕ ਘਟੀਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਮਗਰੋਂ ਉਥੇ ਪਥਰਾਅ ਦੀਆਂ ਘਟਨਾਵਾਂ 40 ਤੋਂ 45 ਫ਼ੀਸਦੀ ਤੱਕ ਘੱਟ ਗਈਆਂ ਹਨ। ਇਕ ਟੀਵੀ ਚੈਨਲ ਦੇ ਪ੍ਰੋਗਰਾਮ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਧਾਰਾ 370 ਲਾਗੂ ਰਹਿਣ ਤੱਕ ਜੰਮੂ ਕਸ਼ਮੀਰ ’ਚੋਂ ਅਤਿਵਾਦ ਨੂੰ ਹਰਾਉਣਾ ਅਸੰਭਵ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਖ਼ਿੱਤੇ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਅਤੇ ਹਥਿਆਰ ਦੇ ਕੇ ਅਤਿਵਾਦ ਫੈਲਾਇਆ। ਸ੍ਰੀ ਸ਼ਾਹ ਨੇ ਕਿਹਾ,‘‘ਜੇਕਰ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਅਤਿਵਾਦ ਖ਼ਤਮ ਕਰਨਾ ਪਵੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਦੀ ਨਫ਼ਰੀ ’ਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਇਹ 1990 ਵਾਲੀ ਹੀ ਹੈ ਸਗੋਂ ਵਾਧੂ ਨਫ਼ਰੀ ਨੂੰ ਹਟਾ ਲਿਆ ਗਿਆ ਹੈ। ਨਾਗਰਿਕਤਾ ਸੋਧ ਬਿੱਲ (ਕੈਬ) ਦੇ ਮੁੱਦੇ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਕੋਈ ਵੀ ਮੁਲਕ ਗੈਰਕਾਨੂੰਨੀ ਪਰਵਾਸੀਆਂ ਨੂੰ ਆਪਣੇ ਮੁਲਕ ’ਚ ਠਹਿਰਣ ਨਹੀਂ ਦੇਵੇਗਾ।
Powered by Blogger.