ਕੈਪਟਨ ਦੀ ਕੈਬਨਿਟ 'ਚ 'ਕਾਲੀ ਦਵਾਈ' 'ਤੇ ਚਰਚਾ; ਵੀਡੀਓ ਵਾਇਰਲ, ਅਫਸਰ ਚਾਰਜਸ਼ੀਟ


ਚੰਡੀਗੜ੍ਹ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਕਾਲੀ ਦਵਾਈ (ਅਫ਼ੀਮ) 'ਤੇ ਹੋਈ ਗੱਲਬਾਤ ਦੀ ਵੀਡੀਓ ਵਾਇਰਲ ਹੋਣ ਨਾਲ ਸਰਕਾਰ ਦੀ ਕਾਫ਼ੀ ਫਜ਼ੀਹਤ ਹੋ ਰਹੀ ਹੈ। ਉਧਰ ਮੀਟਿੰਗ ਦੀ ਫੁਟੇਜ ਇਲੈਕਟ੍ਰਾਨਿਕ ਮੀਡੀਆ ਨੂੰ ਦੇਣ 'ਤੇ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਤੇ ਵੀਡੀਓਗ੍ਰਾਫਰ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਹੁਣ ਸਵਾਲ ਇਹ ਨਹੀਂ ਕਿ ਲੋਕ ਸੰਪਰਕ ਅਧਿਕਾਰੀ ਨੇ ਇਸ ਤਰ੍ਹਾਂ ਦੀ ਵੀਡੀਓ ਚੈੱਕ ਕੀਤੇ ਬਿਨਾਂ ਕਿਸ ਤਰ੍ਹਾਂ ਜਾਰੀ ਕਰ ਦਿੱਤੀ? ਸਵਾਲ ਇਹ ਹੈ ਕਿ ਜਦੋਂ ਸੂਬਾ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੋਵੇ ਤੇ ਨਿਤ ਦਿਨ ਨੌਜਵਾਨ ਨਸ਼ੇ ਕਾਰਨ ਮਾਰੇ ਜਾ ਰਹੇ ਹਨ ਉੱਥੇ ਸਾਡੇ ਲਈ ਫ਼ੈਸਲਾ ਲੈਣ ਵਾਲੇ ਲੋਕ ਨੁਮਾਇੰਦਿਆਂ ਲਈ ਮੁੱਖ ਏਜੰਡਾ ਕੀ ਹੈ? ਹੋਇਆ ਇੰਜ ਕਿ ਕੈਬਨਿਟ ਦੀ ਮੀਟਿੰਗ 'ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਬਿਮਾਰ ਦਿਸ ਰਹੇ ਸਨ। ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਨ੍ਹਾਂ ਨੂੰ ਕਾਲੀ ਦਵਾਈ (ਅਫ਼ੀਮ) ਲੈਣ ਦੀ ਸਲਾਹ ਦਿੱਤੀ। ਉਦੋਂ ਹੀ ਵੀਡੀਓ ਵਿਚ ਮੰਤਰੀ ਰਜ਼ੀਆ ਸੁਲਤਾਨਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਕਹਿੰਦੇ ਹਨ-'ਤੁਹਾਨੂੰ ਕਾਲੀ ਦਵਾਈ ਲਿਆ ਕੇ ਦਿਆਂ?' ਏਨੇ ਵਿਚ ਸਾਰੇ ਹੱਸਣ ਲੱਗਦੇ ਹਨ। ਇਸ ਦੌਰਾਨ ਮੁੱਖ ਮੰਤਰੀ ਵੀ ਕੁਝ ਕਹਿ ਰਹੇ ਹਨ ਪਰ ਹਾਸੇ ਦੇ ਰੌਲੇ ਵਿਚ ਚੰਗੀ ਤਰ੍ਹਾਂ ਸੁਣ ਨਹੀਂ ਰਿਹਾ। ਮਾਲਵੇ ਦੇ ਇਕ ਮੰਤਰੀ ਕਹਿ ਰਹੇ ਹਨ, 'ਇਸ ਲਈ ਤਾਂ ਰਾਜਸਥਾਨ ਜਾਣਾ ਪਵੇਗਾ।' ਉਸੇ ਵੇਲੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕਹਿੰਦੇ ਸੁਣਾਈ ਦਿੰਦੇ ਹਨ, 'ਇਹ ਕਦੋਂ ਰਾਜਸਥਾਨ ਜਾਏਗਾ ਤੇ ਉੱਥੋਂ ਕਾਲੀ ਦਵਾਈ ਲਿਆਏੇਗਾ?' ਕੈਬਨਿਟ ਮੀਟਿੰਗ ਤੋਂ ਪਹਿਲਾਂ ਸ਼ੂਟ ਹੁੰਦੀ ਹੈ ਵੀਡੀਓ ਇਹ ਵੀਡੀਓ ਬਿਨਾਂ ਸੰਪਾਦਿਤ ਕੀਤਿਆਂ ਹੀ ਜਾਰੀ ਕਰ ਦਿੱਤੀ ਗਈ। ਲੋਕ ਸੰਪਰਕ ਵਿਭਾਗ ਨੇ ਇਸ ਲਈ ਐਡੀਸ਼ਨਲ ਡਾਇਰੈਕਟਰ ਰੈਂਕ ਦੇ ਅਧਿਕਾਰੀ ਨੂੰ ਜ਼ਿੰਮੇਵਾਰ ਮੰਨਦਿਆਂ ਚਾਰਜਸ਼ੀਟ ਕਰ ਦਿੱਤਾ। ਇਸ ਤਰ੍ਹਾਂ ਦੀ ਵੀਡੀਓ ਸ਼ੂਟ ਹਰ ਕੈਬਨਿਟ ਮੀਟਿੰਗ ਤੋਂ ਪਹਿਲਾਂ ਕਰਵਾਈ ਜਾਂਦੀ ਹੈ ਤਾਂ ਜੋ ਉਸ ਨੂੰ ਵੱਖ-ਵੱਖ ਇਲੈਕਟ੍ਰਾਨਿਕ ਚੈਨਲਾਂ ਨੂੰ ਵੀਡੀਓ ਫੁਟੇਜ ਲਈ ਦਿੱਤਾ ਜਾ ਸਕੇ। ਇਸ ਨੂੰ ਮਿਊਟ (ਆਵਾਜ਼ ਬੰਦ ਕਰ ਕੇ) ਸ਼ੂਟ ਕਰਨਾ ਹੁੰਦਾ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਸਬੰਧਿਤ ਅਧਿਕਾਰੀ ਨੇ ਵੀ ਇਸ ਦੀ ਜਾਂਚ ਨਹੀਂ ਕੀਤੀ ਤੇ ਇਹ ਇਸੇ ਤਰ੍ਹਾਂ ਜਾਰੀ ਹੋ ਗਈ।
Powered by Blogger.