ਅੰਦੋਲਨਕਾਰੀ ਕਿਸਾਨਾਂ ਨੇ ਕੀਤੀ ਸਾਰੀਆਂ ਸਵਾਰੀ ਗੱਡੀਆਂ ਚਲਾਉਣ ਦਾ ਮੰਗ
ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਧਰਨਾ ਅੱਜ ਇਥੇ 87 ਵੇਂ ਦਿਨ ਵਿੱਚ ਪਹੁੰਚ ਗਿਆ। ਧਰਨਾਕਾਰੀਆਂ ਨੇ ਅੱਜ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਸੰਕਲਪ ਲਿਆ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਸ ਅੰਦੋਲਨ ਨੂੰ ਇਸੇ ਤਰ੍ਹਾਂ ਜ਼ੋਸ਼ੋ ਖਰੋਸ਼ ਨਾਲ ਅੱਗੇ ਵਧਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਧੁੰਦ ਬਹਾਨੇ ਚਲਦੀਆਂ ਟਰੇਨਾਂ ਬੰਦ ਨਾ ਕਰੇ, ਬਲਕਿ ਯਾਤਰੀਆਂ ਅਤੇ ਕਿਸਾਨਾਂ ਦੀ ਦਿੱਕਤ ਨੂੰ ਵੇਖਦੇ ਹੋਏ ਸਾਰੀਆਂ ਪੈਸੰਜਰ ਟਰੇਨਾਂ ਆਮ ਵਾਂਗ ਚਾਲੂ ਕੀਤੀਆਂ ਜਾਣ। ਅੱਜ ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਵਲੋਂ ਸੁਖਦਰਸ਼ਨ ਸਿੰਘ ਨੱਤ, ਬੀਕੇਯੂ ਮਾਨਸਾ ਵਲੋਂ ਤੇਜ ਸਿੰਘ ਚੁਕੇਰੀਆਂ, ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ, ਬੀਕੇਯੂ ਡਕੌਂਦਾ ਵਲੋਂ ਇਕਬਾਲ ਸਿੰਘ ਮਾਨਸਾ, ਕੁਲ ਹਿੰਦ ਕਿਸਾਨ ਸਭਾ ਵਲੋਂ ਰਤਨ ਭੋਲਾ, ਬੋਹੜ ਸਿੰਘ, ਜਗਰਾਜ ਸਿੰਘ ਰੱਲਾ, ਬੁੱਧ ਸਿੰਘ ਅਤਲਾ, ਮੱਖਣ ਸਿੰਘ ਉੱਡਤ, ਮਨਿੰਦਰ ਸਿੰਘ ਅਤੇ ਸੁਖਚਰਨ ਸਿੰਘ ਦਾਨੇਵਾਲੀਆ ਨੇ ਸੰਬੋਧਨ ਕੀਤਾ। ਸੁਖਦੇਵ ਸਿੰਘ ਮਾਣਕ ਨੇ ਅਪਣੇ ਇਨਕਲਾਬੀ ਗੀਤਾਂ ਰਾਹੀਂ ਮੋਦੀ ਸਰਕਾਰ ਨੂੰ ਵੰਗਾਰਿਆ ਕਿ ਉਹ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨੇ।