‘ਕਾਕਾ ਬਰਾੜ’ ਨੇ ਕੀਤੀ ਕਿਸਾਨੀ ਸੰਘਰਸ਼ ਦੀ ਸਫਲਤਾ ਦੀ ਅਰਦਾਸ
ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸਥਾਨਕ ਬਠਿੰਡਾ ਰੋਡ ਬਾਈਪਾਸ ਸਥਿਤ ਗੁਰੂ ਨਾਨਕ ਬਸਤੀ ਵਿਖੇ ਨਵੇਂ ਸਾਲ ਦੀ ਆਮਦ ’ਤੇ ਨਿਊ ਸ੍ਰੀ ਗੁਰੂ ਨਾਨਕ ਕਲੱਬ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਭਾਗ ਲਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਵਿਸ਼ੇਸ਼ ਤੌਰ ’ਤੇ ਪਹੁੰਚਕੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਗੋਰਾ ਸਿੰਘ, ਪ੍ਰਧਾਨ ਰਮੇਸ਼ ਕੁਮਾਰ, ਵਾਈਸ ਪ੍ਰਧਾਨ ਕੁਲਦੀਪ ਸਿੰਘ ਅਤੇ ਸਲਾਹਕਾਰ ਰਾਜਨ ਕੁਮਾਰ ਪਾਲ ਫੋਟੋਗ੍ਰਾਫਰ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਆਮਦ ’ਤੇ ਬਸਤੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਕੀਰਤਨੀਏ ਜੱਥੇ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਦੱਸਿਆ ਕਿ ਕਲੱਬ ਵੱਲੋਂ ਕੀਤਾ ਜਾਂਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਇਸ ਮੌਕੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਸਫਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਕੜਾਕੇ ਦੀ ਠੰਡ ’ਚ ਬੈਠੇ ਕਿਸਾਨਾਂ ਨੂੰ ਸਫਲਤਾ ਹਾਸਲ ਹੋਵੇ। ਪ੍ਰੋਗਰਾਮ ਦੌਰਾਨ ਪਾਠ ਕਰਨ ਵਾਲੇ ਗ੍ਰੰਥੀਆਂ ਨੂੰ ਵਿਸ਼ੇਸ ਮਹਿਮਾਨ ‘ਕਾਕਾ ਬਰਾੜ’ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ’ਚ ਕਲੱਬ ਵੱਲੋਂ ‘ਕਾਕਾ ਬਰਾੜ’ ਨੂੰ ਸਨਮਾਨਿਤ ਕੀਤਾ ਗਿਆ।