8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਹੋਵੇਗਾ-ਮਾਂਗੇਵਾਲ
ਮਹਿਲਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਕਿਸਾਨ/ਲੋਕ ਸੰਘਰਸ਼ ਅੱਜ 152 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਬੁਲਾਰੇ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਲ,ਮਾ.ਸੋਹਣ ਸਿੰਘ, ਗੋਬਿੰਦਰ ਸਿੰਘ ਮਹਿਲਕਲਾਂ, ਜਗਤਾਰ ਸਿੰਘ ਛੀਨੀਵਾਲਕਲਾਂ,ਸ਼ਿੰਦਰ ਕੌਰ ਅਮਲਾ ਸਿੰਘ ਵਾਲਾ, ਜਗਤਾਰ ਸਿੰਘ ਕਲਾਲਮਾਜਰਾ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਵਿਸ਼ਾਲ ਕਿਸਾਨ/ਲੋਕ ਸੰਘਰਸ਼ਸ਼ੀਲ ਕਾਫਲਿਆਂ ਦਾ 1 ਅਕਤੂਬਰ ਤੋਂ ਲਗਤਾਰ ਸ਼ੁਰੂ ਹੋੋਇਆ ਸੰਘਰਸ਼ ਵੱਖੋ-ਵੱਖ ਪੜਾਅ ਸਫਲਤਾ ਪੂਰਵਕ ਸਰ ਕਰਦਾ ਹੋਇਆ ਛੇਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਇਸ ਸੰਘਰਸ਼ ਬਾਰੇ ਲਗਤਾਰ ਦਿੱਲੀ ਟਿੱਕਰੀ ਬਾਰਡਰ ਉੱਪਰ ਸੰਘਰਸ਼ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਕਿਸਾਨ ਆਗੂਆਂ ਨੇ ਅੱਜ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 2 ਮਾਰਚ 1915 ਨੂੰ ਸਿੰਗਾਪੁਰ ਵਿੱਚ ਗਦਰ ਲਹਿਰ ਦੇ ਫੌਜੀਆਂ(ਬਲੋਚ ਰੈਜਮੈਂਟ)ਦੀ ਸ਼ਹਾਦਤ ਦਾ ਦਿਨ ਹੈ। ਗਦਰ ਲਹਿਰ ਬਾਰੇੇ ਗੱਲ ਕਰਦਿਆਂ ਆਗੂਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਾਸਤੇ ਚੱਲੀ ਗਦਰ ਲਹਿਰ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਫੌਜੀ ਪਲਟਨਾਂ ਤੇ ਵੀ ਪਿਆ ਸੀ।ਸਤੰਬਰ 1914 ਵਿੱਚ ਜਦ ਵਿਦੇਸ਼ਾਂ ਤੋਂ ਗਦਰੀ ਬਾਬੇ ਹਿੰਦ ਆਉਣ ਲਗੇ ਤਾਂ ਸਿੰਗਾਪੁਰ ਦੇ ਗੁਰਦੁਆਰੇ ਵਿੱਚ ਜਾ ਕੇ ਉਥੋਂ ਦੇ ਵੱਸਦੇ ਭਾਰਤੀਆਂ ਤੇ ਉਥੇ ਆਉਂਦੇ ਫੌਜੀਆਂ ਨੂੰ ਗਦਰ ਕਰਨ ਲਈ ਪ੍ਰੇਰਦੇ ਸਨ। 2 ਮਾਰਚ 1915 ਪੰਜਵੀਂ ਨੇਟਿਵ ਲਾਈਟ ਬਟਾਲੀਅਨ ਦੇ ਫੌਜੀਆਂ ਹਵਾਲਦਾਰ ਸੁਲੈਮਾਨ, ਕਸੂਲਾ,ਰੁਕਨਦੀਨ, ਇਮਤਿਆਜ਼ ਅਲੀ, ਲਾਇਸ ਨਾਇਕ ਅਬਦੁਲ ਹਜਾਰ ਤੇ ਕੁੱਝ ਹੋਰਾਂ ਨੂੰ ਮੌਤ ਦੀ ਸ਼ਜਾ ਦਿੱਤੀ ਗਈ। ਫੜੇ ਕੁੱਲ ਬਾਗੀਆਂ ਵਿੱਚੋਂ 41 ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ। 125 ਨੂੰ ਕੈਦ ਦੀਆਂ ਸ਼ਜਾਵਾਂ ਦਿੱਤੀਆਂ ਗਈਆਂ। ਇਸੇ ਹੀ ਤਰ੍ਹਾਂ ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਜੇਲ੍ਹ ਵਿੱਚ ਵੀ ਖਾੜਕੂ ਸੁਭਾਅ ਦਾ ਇਜ਼ਹਾਰ ਕਰਦੇ ਰਹਿੰਦੇ ਸਨ। ਉਹ ਜੇਲ੍ਹ ਦੇ ਅਫ਼ਸਰਾਂ ਨਾਲ ਖੜਕ ਕੇ ਗੱਲ ਕਰਿਆ ਕਰਦੇ ਸਨ ਤੇ ਇੱਟ ਦਾ ਜਵਾਬ ਪੱਥਰ ਨਾਲ ਦਿਆ ਕਰਦੇ ਸਨ।ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਅਕਸਰ ਸਖ਼ਤ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਸਨ ਜਿਸ ਵਿੱਚ ਡੰਡਾ ਬੇੜੀ,ਘੱਟ ਖੁਰਾਕ ਅਤੇ ਇਕੱਲਿਆਂ ਨੂੰ ਕੋਠੜੀ ਵਿੱਚ ਬੰਦ ਕਰ ਦੇਣਾ ਵੀ ਸ਼ਾਮਲ ਸਨ। ਉਹ ਐਨੇ ਜਿੱਦੀ ਸੀ ਕਿ ਸਵੇਰੇ ਜਦ ਪਰੇਡ ਵਾਸਤੇ ਬੁਲਾਇਆ ਜਾਂਦਾ ਸੀ ਤਾਂ ਉਹ ਉੱਠਦੇ ਹੀ ਨਹੀਂ ਸੀ।ਨਤੀਜੇ ਵਜੋਂ ਉਨ੍ਹਾਂ ਨੂੰ ਦਿਨ ਵੇਲੇ ਹੀ ਮੰਜੇ ਨਾਲ ਹੱਥਕੜੀ ਲਾਉਣ ਦੀ ਸਜ਼ਾ ਮਿਲਦੀ ਰਹਿੰਦੀ ਸੀ। ਇਸ ਸਾਰੇ ਨਾਲ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਉਨ੍ਹਾਂ ਨਾਲ ਹਮਦਰਦੀ ਵੱਜੋਂ 29 ਹੋਰ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ। ਇਨ੍ਹਾਂ ਭੁੱਖ ਹੜਤਾਲੀਆਂ ਵਿੱਚ ਬਾਬਾ ਵਿਸਾਖਾ ਸਿੰਘ ਦਦੇਹਰ,ਸੋਹਨ ਸਿੰਘ ਭਕਨਾ,ਨਿਧਾਨ ਸਿੰਘ ਚੁੱਘਾ ਤੇ ਰੂੜ੍ਹ ਸਿੰਘ ਚੂਹੜਚੱਕ ਅਦਿ ਵੀ ਸ਼ਾਮਲ ਸਨ। ਅਖ਼ੀਰ ਦੇਸ਼ ਭਗਤ ਬਾਬਾ ਭਾਨ ਸਿੰਘ ਸਨੇਤ ਜੇਲ੍ਹ ਵਿੱਚ ਤਸੀਹਿਆਂ ਅਤੇ ਮਾੜੀ ਖੁਰਾਕ ਕਾਰਨ 2 ਮਾਰਚ,1918 ਦੇ ਦਿਨ ਸਾਡੇ ਤੋਂ ਵਿਛੜ ਗਏ।ਆਗੂਆਂ ਕਿਹਾ ਕਿ ਸਾਡਾ ਇਤਿਹਾਸ ਅਥਾਹ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਪੰਜਾਬ ਦੀ ਅਣਖੀਲੀ ਮਿੱਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਧਰਤ ਦੇ ਵਾਰਸਾਂ ਨੇ ਹਕੂਮਤੀ ਜਬਰ ਅੱਗੇ ਕਦੇ ਵੀ ਸਿਰ ਝੁਕਾਇਆ ਨਹੀਂ ,ਸਗੋਂ ਸਿਰ ਉੱਚਾ ਕਰਕੇ ਮਾਣ ਨਾਲ ਜੀਵਿਆ ਹੈ। ਇਸ ਕਿਸਾਨ/ਲੋਕ ਸੰਘਰਸ਼ ਵਿੱਚ ਮੋਦੀ ਹਕੂਮਤ ਦੇ ਜਾਬਰ ਖੇਤੀ ਉਜਾੜੇ ਨੂੰ ਰੋਕਣ ਲਈ ਚੱਲੇ ਸੰਘਰਸ਼ ਵਿੱਚ 250 ਤੋਂ ਵਧੇਰੇ ਕਿਸਾਨਾਂ ਨੂੰ ਸ਼ਹਾਦਤ ਦੇਣੀ ਪੈ ਗਈ ਹੈ। ਸ਼ਹਾਦਤਾਂ ਹੋਰ ਵੀ ਹੋਣਗੀਆਂ। ਇਹ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਸੰਘਰਸ਼ ਨਿਰੰਤਰ ਵੇਗ ਨਾਲ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਹੈ। ਕਿਸਾਨ/ਲੋਕ ਸੰਘਰਸ਼ ਦਾ ਵਧਦਾ ਵੇਗ ਮੋਦੀ ਹਕੂਮਤ ਦੇ ਲੱਖ ਜਬਰ ਦੇ ਬਾਵਜੂਦ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗਾ। ਇਸ ਕਿਸਾਨ/ਲੋਕ ਸੰਘਰਸ਼ ਵਿੱਚ ਅਹਿਮ ਭੁਮਿਕਾ ਨਿਭਾ ਰਹੀਆਂ ਕਿਸਾਨ ਅੋਰਤਾਂ 8 ਮਾਰਚ ਕੌਮਾਂਤਰੀ ਇਸਤਰੀ ਵਰ੍ਹੇ ਮੌਕੇ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ਅੰਦਰ 68 ਥਾਵਾਂ ਤੇ ਚੱਲ ਰਹੇ ਸੰਘਰਸ਼ ਮੋਰਚਿਆਂ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਹੋਰ ਮਜਬੂਤੀ ਬਖਸ਼ਣਗੀਆਂ। ਇਸੇ ਹੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 149 ਵੇਂ ਦਿਨ ਜਾਰੀ ਰਿਹਾ। ਇਸ ਸਮੇਂ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ , ਭਜਨ ਸਿੰਘ ,ਨਾਜਰ ਸਿੰਘ , ਵਿੱਕੀ ਸਿੱਧੂ, ਗੁਰਦੇਵ ਸਿੰਘ, ਦਵਿੰਦਰ ਸਿੰਘ , ਮੱਘਰ ਸਿੰਘ, ਦਲੀਪ ਸਿੰਘ,ਮਲਕੀਤ ਸਿੰਘ ਅਤੇ ਤੇਜਾ ਸਿੰਘ ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਸਾਨ/ਲੋਕ ਸੰਘਰਸ਼ ਪ੍ਰਤੀ ਹੋਰ ਤਨਦੇਹੀ/ਜਿੰਮੇਵਾਰੀ ਨਾਲ ਜੁਟ ਜਾਣ ਅਤੇ 8 ਮਾਰਚ ਨੂੰ ਸੰਘਰਸ਼ ਵਿੱਚ ਕਿਸਾਨ ਔਰਤਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਦੀ ਅਪੀਲ ਕੀਤੀ।