ਮਾਸਟਰ ਕੇਡਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਜਸਪਾਲ ਸਿੰਘ ਟਿੱਬਾ ਅਤੇ ਮੀਤ ਪ੍ਰਧਾਨ ਦਲਵੀਰ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਸੱਦੇ ਉਪਰ ਸਰਕਾਰੀ ਸਕੂਲ ਪਿੰਡ ਖਿਆਲੀ, ਪੰਡੋਰੀ ,ਮਹਿਲ ਕਲਾਂ, ਭੱਦਲਵੱਡ, ਸਹਿਜੜਾ ,ਗਹਿਲ, ਦੀਵਾਨਾ ਅਤੇ ਰਾਏਸਰ ਵਿਖੇ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਵਲੋਂ ਲੁਕਵੇਂ ਢੰਗ ਨਾਲ ਈ ਪੰਜਾਬ ਦੇ ਪੋਰਟਲ ਤੇ ਸਰਕਾਰੀ ਸਕੂਲਾਂ ਵਿੱਚੋ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰਕੇ ਗਰੀਬ ਲੋਕਾਂ ਕੋਲੋਂ ਸਿੱਖਿਆ ਦਾ ਹੱਕ ਖੋਹਣ ਲਈ ਕੀਤੇ ਗਏ ਨਾਦਰਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਵਲੋਂ ਈ ਪੰਜਾਬ ਦੇ ਪੋਰਟਲ ਤੋ ਸ਼ੈੰਕਸ਼ਨ ਅਸਾਮੀਆਂ ਖਤਮ ਕਰਨ ਦੀਆਂ ਕਾਪੀਆਂ ਕਢਵਾ ਕੇ ਸਾੜੀਆਂ ਗਈਆਂ ।ਇਸ ਮੌਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲ੍ਹਾ ਪਰਧਾਨ ਜਸਪਾਲ ਸਿੰਘ,ਮੀਤ ਪ੍ਰਧਾਨ ਦਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਕੋਰੋਨਾ ਦੇ ਦੌਰ ਵਿੱਚ ਪਿਛਲੇ ਸਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸੰਬੰਧੀ ਗੰਭੀਰਤਾ ਨਾਲ ਉਪਰਾਲਾ ਕੀਤਾ ਜਾ ਰਿਹਾ ।ਪਰ ਦੂਜੇ ਪਾਸੇ ਸਿੱਖਿਆ ਸਕੱਤਰ ਵਲੋ ਅਸਾਮੀਆਂ ਖਤਮ ਕਰ ਕੇ ਅਧਿਆਪਕ ਵਰਗ ਨਾਲ ਘੋਰ ਅਨਿਆਂ ਕੀਤਾ ਜਾ ਰਿਹਾ ਹੈ । ਲੁਕਵੇਂ ਢੰਗ ਨਾਲ਼ ਅਸਾਮੀਆਂ ਖਤਮ ਕਰਨ ਵਾਲੇ ਨਾਦਰਸ਼ਾਹੀ ਫਰਮਾਨ ਨਾਲ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਦੇ ਐਕਸ਼ਨ ਤੋ ਬਾਅਦ ਜੇਕਰ ਸਿੱਖਿਆ ਸਕੱਤਰ ਵਲੋਂ ਈ ਪੰਜਾਬ ਦੇ ਪੋਰਟਲ ਤੋ ਸ਼ੈਂਕਸ਼ਨ ਅਸਾਮੀਆਂ ਵਿੱਚ ਸੋਧ ਨਾ ਕੀਤੀ ਤਾਂ ਜਲਦੀ ਹੀ ਪੰਜਾਬ ਦੇ ਸਾਰੇ ਜਿਲਾ ਹੈਡਕੁਆਰਟਰਾ ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ ਜਾਣਗੇ ਅਤੇ ਇਕ ਵਿਸ਼ਾਲ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਸਿੱਖਿਆ ਸਕੱਤਰ ਦੇ ਦਫਤਰ ਮੁਹਾਲੀ ਵਿਖੇ ਕੀਤਾ ਜਾਵੇਗਾ । ਸੁਖਵੀਰ ਸਿੰਘ ਛਾਪਾ ਜਨਰਲ ਸਕੱਤਰ ਨੇ ਦੱਸਿਆ ਕਿ ਜਿਲੇ ਦੇ ਹਰੇਕ ਸਕੂਲ ਚ ਅੱਜ ਰੋਸ ਪਰਦਰਸ਼ਨ ਕੀਤਾ ਗਿਆ ।ਪਰੈੱਸ ਵਲੋਂ ਕੁੱਝ ਸਕੂਲਾਂ ਚੋ ਜਦੋਂ ਇਸ ਬਾਰੇ ਪਤਾ ਕੀਤਾ ਤਾ ਬਹੁਤ ਚਿੰਤਾਜਨਕ ਸਥਿਤੀ ਸਾਹਮਣੇ ਆਈ। ਕੁੱਝ ਕੁ ਸਕੂਲਾਂ ਵਿੱਚੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਮਿਡਲ ਸਕੂਲਾਂ ਵਿੱਚੋਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਕੀ ਹਰੇਕ ਸਕੂਲਾਂ ਵਿੱਚ ਵੀ ਵੱਡੀ ਗਿਣਤੀ ਚ ਪੋਸਟਾਂ ਖਤਮ ਹੋਈਆਂ ਹਨ।
Powered by Blogger.