ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ-- ਡੀਐੱਸਪੀ

 

ਮਹਿਲ ਕਲਾ (ਪ੍ਰਦੀਪ ਸਿੰਘ ਲੋਹਗੜ੍ਹ) ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਧੀਨ ਪੁਲੀਸ ਥਾਣਾ ਮਹਿਲ ਕਲਾਂ ਦੇ ਐਸਐਚਓ ਅਮਰੀਕ ਸਿੰਘ ਦੀ ਅਗਵਾਈ ਹੇਠ ਪੁਲਸ ਪਬਲਿਕ ਮੀਟਿੰਗ ਸ਼ਹੀਦ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਕੀਤੀ ਗਈ ਜਿਸ ਵਿਚ ਕੁਲਦੀਪ ਸਿੰਘ ਡੀ ਐਸ ਪੀ ਮਹਿਲ ਕਲਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠੇ ਹੋਏ ਇਲਾਕੇ ਦੇ ਪੰਚਾਂ ਸਰਪੰਚਾਂ ਮੋਹਤਬਰ ਵਿਅਕਤੀਆਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਡੀ ਐਸ ਪੀ ਮਹਿਲ ਕਲਾਂ ਨੇ ਕਿਹਾ ਕਿ ਨਸ਼ਿਆਂ ਦੀ ਬੀਮਾਰੀ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਲੱਗੀ ਹੋਈ ਹੈ ਜਿਸਦਾ ਇਲਾਜ ਸਮੇਂ ਦੀ ਲੋੜ ਮੁਤਾਬਕ ਬਹੁਤ ਜ਼ਰੂਰੀ ਹੈ । ਉਨ੍ਹਾਂ ਅਪੀਲ ਕੀਤੀ ਕਿ ਲੋਕ ਜਿਥੇ ਨਸ਼ਾ ਤਸਕਰਾਂ ਸਬੰਧੀ ਸਹੀ ਸੂਚਨਾ ਪੁਲੀਸ ਨੂੰ ਦੇਣ ਉਥੇ ਨਸ਼ਾਗ੍ਰਸਤ ਨੌਜਵਾਨਾਂ ਨੂੰ ਇਲਾਜ ਲਈ ਵੀ ਪ੍ਰੇਰਿਤ ਕਰਨ ਤਾਂ ਜੋ ਨਸ਼ੇ ਦੀ ਬੀਮਾਰੀ ਨਾਲ ਜਕਡ਼ੇ ਨੌਜਵਾਨਾਂ ਦਾ ਸਹੀ ਇਲਾਜ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਕਿਸ਼ੋਰ ਅਵਸਥਾ 'ਚ ਵਿਚਰ ਰਹੇ ਸਾਡੇ ਬੱਚਿਆਂ ਉੱਪਰ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ। ਬੱਚਿਆਂ ਦੇ ਦੋਸਤਾਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ । ਸਕੂਲੀ ਵਿਦਿਆਰਥੀਆਂ ਦੇ ਅਧਿਆਪਕਾਂ ਨਾਲ ਵੀ ਅਕਸਰ ਬੱਚੇ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ, ਜੇਕਰ ਸਾਨੂੰ ਲੱਗੇ ਕਿ ਸਾਡਾ ਬੱਚਾ ਗ਼ਲਤ ਸੰਗਤ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਬੱਚੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਡੀਐੱਸਪੀ ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਆਰਥਿਕ ਤੌਰ 'ਤੇ ਚੰਗੀ ਸਥਿਤੀ ਵਾਲੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਭਲਾਈ ਦੇ ਕੰਮਾਂ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਆਪਣਾ ਦਸਵੰਧ ਕੱਢਣ। ਉਨ੍ਹਾਂ ਕਿਹਾ ਕਿ ਸਬ ਡਿਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਥਾਣਾ ਟੱਲੇਵਾਲ ਮਹਿਲ ਕਲਾਂ ਅਤੇ ਠੁੱਲੀਵਾਲ ਦੇ ਪਿੰਡਾਂ 'ਚ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਐਸਐਚਓ ਮਹਿਲ ਕਲਾਂ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਨਿਰਮਲ ਸਿੰਘ ਪੰਡੋਰੀ, ਬਲਦੀਪ ਸਿੰਘ ਸਰਪੰਚ ਮਹਿਲ ਖੁਰਦ, ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਸਬ ਇੰਸਪੈਕਟਰ ਸਤਨਾਮ ਸਿੰਘ, ਹੌਲਦਾਰ ਹਰਦਿਆਲ ਸਿੰਘ, ਸਰਪੰਚ ਬਲੌਰ ਸਿੰਘ ਤੋਤੀ, ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ, ਗੋਬਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਸੋਡਾ, ਜਗਦੀਪ ਸਿੰਘ , ਅਰਸ਼ਦੀਪ ਸਿੰਘ ,ਹਰਦੀਪ ਸਿੰਘ ਬੀਹਲਾ ਆਦਿ ਵੀ ਹਾਜ਼ਰ ਸਨ।
Powered by Blogger.