ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੰਘੇੜਾ ਦੀ ਚੋਣ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਜਿਉਂ ਜਿਉਂ ਮੋਦੀ ਹਕੂਮਤ ਖਿਲ਼ਾਫ ਸਾਂਝਾ ਕਿਸਾਨ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ। ਤਿਉਂ ਤਿਉਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਨ ਅਧਾਰ ਲਗਾਤਾਰ ਵਧ ਰਿਹਾ ਹੈ। ਜਿਸ ਦੀ ਕੜੀ ਵਜੋਂ ਅੱਜ ਪਿੰਡ ਇਕਾਈ ਸੰਘੇੜਾ ਦੀ ਨਵੇਂ ਸਿਰਿਉਂ ਹੋਈ ਚੋਣ ਵਿੱਚ ਮੇਜਰ ਸਿੰਘ ਪ੍ਰਧਾਨ ਅਤੇ ਜਰਨੈਲ ਸਿੰਘ ਜਨਰਲ ਸਕੱਤਰ ਅਤੇ ਦਰਸ਼ਨ ਸਿੰਘ ਮੋਗੜ ਖਜਾਨਚੀ ਚੁਣੇ ਗਏ। ਇਸ ਸਮੇਂ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਢਿਆਇਆ ਅਤੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਉਜਾੜਣ ਲਈ ਮੋਦੀ ਹਕੂਮਤ ਵੱਲੋਂ ਤਿੰਨ ਬਿਲ ਲਿਆਂਦੇ ਗਏ ਹਨ।ਇਨ੍ਹਾਂ ਬਿਲਾਂ ਨੂੰ ਲਿਆਉਣ ਪਿੱਛੇ ਸਾਜਿਸ਼ ਕੌਮਾਂਤਰੀ ਲੁਟੇਰੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੀ ਹੈ ਜੋ ਭਾਰਤੀ ਹਾਕਮਾਂ ਰਾਹੀਂ ਚੰਦ ਕੁ ਉੱਚ ਅਮੀਰ ਘਰਾਣਿਆਂ ਦੇ ਮੁਨਾਫਿਆਂ ਲਈ ਲਿਆਂਦੇ ਗਏ ਹਨ। ਇਸੇ ਕਰਕੇ ਹੀ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਇਹ ਕਾਨੂੰਨ ਉਸ ਸਮੇਂ ਮੋਦੀ ਸਰਕਾਰ ਲੈਕੇ ਆਈ ਜਦ ਸਮੁੱਚੀ ਭਾਰਤੀ ਵਸੋਂ ਕਰੋਨਾ ਦੀ ਦਹਿਸ਼ਤ ਪਾਕੇ ਘਰਾਂ ਅੰਦਰ ਕੈਦ ਕੀਤਾ ਹੋਇਆ ਸੀ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਡੇਰੇ ਖਤਰੇ ਨੂੰ ਭਾਪਦਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸੰਘਰਸ਼ ਨੂੰ ਵਿਆਪਕ ਬਣਾਇਆ।ਹੁਣ ਇਹ ਮੁਲਕ ਪੱਧਰੀਆਂ 472 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਉੱਸਰ ਗਿਆ ਹੈ। ਇਸ ਮੋਰਚੇ ਨੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਘੇਰਕੇ ਵਕਤ ਪਾਇਆ ਹੋਇਆ ਹੈ। ਇਸ ਸੰਘਰਸ਼ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਕਾਫਲੇ ਸ਼ਾਮਿਲ ਹੋਕੇ ਸੰਘਰਸ਼ ਨੂੰ ਮਜਬੂਤੀ ਬਖਸ਼ ਰਹੇ ਹਨ।ਆਗੂਆਂ ਕਿਹਾ ਕਿ ਅੱਜ ਸਾਡੀ ਜਥੇਬੰਦੀ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਮਰਦ ਔਰਤਾਂ ਅਤੇ ਨੌਜਵਾਨ ਜਥੇਬੰਦ ਹੋਕੇ ਸੰਘਰਸ਼ ਦੇ ਰਣ ਤੱਤੇ ਮੈਦਾਨ ਵਿੱਚ ਜੂਝਣ ਲਈ ਅੱਗੇ ਆਏ ਹਨ। ਅਜਿਹਾ ਹੋਣ ਨਾਲ ਜਥੇਬੰਦੀ ਦੀ ਤਾਕਤ ਦੂਣ ਸਵਾਈ ਹੋਈ ਹੈ। ਅਜਿਹੀ ਜਥੇਬੰਦ ਹੋਕੇ ਵਧਦੀ ਤਾਕਤ ਹੀ ਕਿਸਾਨ/ਲੋਕਾਈ ਦੀ ਦੁਸ਼ਮਣ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗੀ।ਕਿਸਾਨ ਕਾਫਲੇ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਦਿੱਲੀ ਦੇ ਬਾਰਡਰਾਂ ਤੋਂ ਵਾਪਸ ਮੁੜਨਗੇ। ਇਸ ਸਮੇਂ ਸਕੱਤਰ ਬਲਵਿੰਦਰ ਸਿੰਘ ਪੱਤੀ ਆਕੀ, ਸ.ਸਕੱਤਰ ਮੱਘਰ ਸਿੰਘ, ਸੀ.ਮੀ.ਪ੍ਰਧਾਨ ਨਾਜਰ ਸਿੰਘ, ਮੀ.ਪ੍ਰਧਾਨ ਦਲੀਪ ਸਿੰਘ ਤੇ ਤੇਜਾ ਸਿੰਘ,ਮਿੱਠੂ ਸਿੰਘ,ਪ੍ਰੈੱਸ ਸਕੱਤਰ ਬਲਜਿੰਦਰ ਸਿੰਘ,ਸਹਾਇਕ ਖਜਾਨਚੀ ਮਲਕੀਤ ਸਿੰਘ,ਸਲਾਹਕਾਰ ਗੁਰਦੇਵ ਸਿੰਘ ਅਤੇ ਸ.ਸਲਾਹਕਾਰ ਨੇਕ ਸਿੰਘ ਨੇਕ ਸਿੰਘਨ ਆਦਿ ਆਗੂਆਂ ਦੀ ਚੋਣ ਹੋਈ।ਕਿਸਾਨ ਆਗੂਆਂ ਨੇ ਸਾਂਝੇ ਕਿਸਾਨ ਸੰਘਰਸ਼ ਦੇ ਅਗਲੇ ਪੜਾਅ 8 ਮਾਰਚ ਦਿੱਲੀ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ਉੱਪਰ ਚਲਦੇ ਸੰਘਰਸ਼ ਪਿੜਾਂ ਵਿੱਚ ਕਿਸਾਨ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ।
Powered by Blogger.