ਆਪਣੇ ਪਰਿਵਾਰ ਨਾਲੋਂ ਕਿਸਾਨਾਂ-ਮਜਦੂਰਾਂ ਦੇ ਹੱਕ ‘ਚ ਖੜਨ ਨਾਲ ਮੈਨੂੰ ਮਿਲਦੀ ਹੈ ਵੱਖਰੀ ਖੁਸ਼ੀ - ਜਗਸੀਰ ਛੀਨੀਵਾਲ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)ਜਿੰਦਗੀ ਦੇ ਵਿੱਚ ਇਹੋ ਜਿਹੇ ਇਨਸਾਨ ਬਹੁਤ ਹੀ ਘੱਟ ਹੁੰਦੇ ਹਨ, ਜੋ ਦੂਸਰਿਆਂ ਲੋਕਾਂ ਦੇ ਲਈ ਆਪਣੀ ਨਿੱਜੀ ਜਿੰਦਗੀ ਤੇ ਘਰੇਲੂ ਕੰਮਕਾਰ ਛੱਡ ਉਨ੍ਹਾਂ ਦੇ ਹੱਕ ਲੈਣ ਲਈ ਡਟਣ। ਇਹੋ ਜਿਹੀ ਹੀ ਸਖਸੀਅਤ ਦਾ ਮਾਲਕ ਹੈ ਨਿੱਕੀ ਉਮਰੇ ਵੱਡੇ ਕਿਸਾਨੀ ਘੋਲਾਂ ਦਾ ਸਾਹ ਸਵਾਰ ਨੌਜਵਾਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ, ਜੋ ਕਿ ਅੱਜ ਕੱਲ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਜਿਸ ਦੀ ਦੂਰ ਅੰਦੇਸ਼ੀ ਵਾਲੀ ਸੋਚ ਦੀਆਂ ਚਰਚਾਵਾਂ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ। ਕਿਸਾਨੀ ਸੰਘਰਸ਼ ਵਿੱਚ ਪਿਛਲੇ 97 ਦਿਨ ਤੋਂ ਡਟੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਇਸ ਪ੍ਰਤੀਨਿਧ ਨਾਲ ਫੋਨ ਤੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਆਪਣੀ ਨਿੱਜੀ ਜਿੰਦਗੀ ਅਤੇ ਪਰਿਵਾਰ ਨਾਲੋਂ ਕਿਸਾਨ, ਮਜਦੂਰਾਂ ਦੇ ਹੱਕ ਵਧੇਰੇ ਪਿਆਰੇ ਹਨ। ਇਸ ਲਈ ਉਹ ਪਿਛਲੇ 3 ਮਹੀਨਿਆਂ ਤੋਂ ਬਾਰਡਰ ਤੇ ਆਪਣੀ ਸਮੁੱਚੀ ਟੀਮ ਨਾਲ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ 100 ਦਿਨ ਪੂਰੇ ਹੋਣ ਤੇ ਪੰਜਾਬ ਵਾਪਸ 1 ਹਫਤੇ ਲਈ ਆਉਣਗੇ। ਜਿਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਪਿੰਡਾਂ ਵਿੱਚ ਕਿਸਾਨ ਮੀਟਿੰਗਾਂ ਕਰ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਹੋਰ ਵਧੇਰੇ ਜੋਸ ਤੇ ਜਜਬੇ ਨਾਲ ਕਾਫਲਿਆਂ ਦੇ ਰੂਪ ਚ ਜਾਣ ਲਈ ਪ੍ਰੇਰਿਤ ਕਰਨਗੇ। ਕਿਉਕਿ ਆਗਾਮੀ ਕਣਕ ਦੇ ਸੀਜਨ ਦੌਰਾਨ ਕਿਸਾਨ-ਮਜਦੂਰ ਦੋਵੇਂ ਹੀ ਜਿਆਦਾ ਕੰਮ ਹੋਣ ਕਾਰਨ ਘੱੱਟ ਵਿਹਲੇ ਰਹਿਣਗੇ, ਜਿਸ ਦਾ ਬਦਲਵਾਂ ਕੋਈ ਹੋਰ ਢੰਗ ਦੱਸਿਆ ਜਾਵੇਗਾ ਤਾਂ ਜੋ ਬਾਰਡਰਾਂ ਤੇ ਲੋਕਾਂ ਦੀ ਗਿਣਤੀ ਵਿੱਚ ਕੋਈ ਘਾਟ ਨਾ ਆਵੇ। ਉਨ੍ਹਾਂ ਕਿਹਾ ਕਿ ਇਸੇ ਇੱਕ ਹਫਤੇ ਦੇ ਦੌਰਾਨ ਉਹ ਕਿਸਾਨ ਮਜਦੂਰਾਂ ਦੀਆਂ ਸਮੱਸਿਆਵਾਂ ਸੁਣ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਯਤਨ ਵੀ ਕਰਨਗੇ। ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਪੰਜਾਬ ਨਹੀ ਹਨ, ਇਸ ਲਈ ਬਹੁਤ ਜਿਆਦਾ ਕੰਮ ਵਿੱਚ ਹੀ ਰੁਕੇ ਸਨ, ਨੂੰ ਵੀ ਨੇਪਰੇ ਚਾੜਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਪ੍ਰਗਟਾਏ ਵਿਸਵਾਸ਼ ਤੇ ਖਰਾ ਉਤਰਨਗੀਆਂ ਤੇ ਦਿੱਲੀ ਵਾਲਾ ਕਿਸਾਨੀ ਮੋਰਚਾ ਫਤਹਿ ਕਰ ਮੋਦੀ ਸਰਕਾਰ ਨੂੰ ਝੁਕਾ ਇਹ ਕਾਲੇ ਬਿੱਲ ਰੱਦ ਕਰਵਾ ,ਜਿੱਤ ਵਾਲਾ ਝੰਡਾ ਕੇਂਦਰ ਦੀ ਦਿੱਲੀ ਸਰਕਾਰ ਦੀ ਹਿੱਕ ਤੇ ਗੱਡ ਕੇ ਹੀ ਵਾਪਸ ਮੁੜਨਗੇ।
Powered by Blogger.