ਬਿਨਾਂ ਮਾਸਕ ਘੁੰਮਦਿਆਂ ਦੇ ਚਲਾਨ ਕੱਟਣ ਤੋਂ ਇਲਾਵਾ ਕਰਵਾਏ ਜਾ ਰਿਹਾ ਹੈ ਕੋਵਿਡ ਟੈਸਟ

 

ਬਰਨਾਲਾ (ਪ੍ਰਦੀਪ ਸਿੰਘ ਲੋਹਗੜ): ਕੋਵਿਡ ਮਹਾਮਾਰੀ ਦੇ ਦੂਜੇ ਗੇੜ ਨੂੰ ਭਾਂਪਦਿਆਂ ਪੰਜਾਬ ਸਰਕਾਰ ਵਲੋਂ ਕੀਤੇ ਜਾਰੀ ਹੁਕਮਾਂ ਤਹਿਤ ਡੀਜੀਪੀ ਪੰਜਾਬ ਸ਼੍ਰੀ. ਦਿਨਕਰ ਗੁਪਤਾ ਦੇ ਆਦੇਸ਼ਾਂ 'ਤੇ ਬਰਨਾਲਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਥਾਨਕ ਆਈਟੀਆਈ ਚੌਕ 'ਚ ਸ਼ਨਿੱਚਰਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਨਾਕਾਬੰਦੀ ਕਰਕੇ ਜਿੱਥੇ ਬਿਨਾਂ ਮਾਸਕ ਤੋਂ ਵਾਹਨ ਚਾਲਕਾਂ 'ਤੇ ਚਲਾਨ ਕੱਟੇ ਗਏ, ਉਥੇ ਮੌਕੇ 'ਤੇ ਹਾਜ਼ਰ ਮਾਹਰ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਕੋਵਿਡ ਟੈਸਟ ਵੀ ਕਰਵਾਇਆ ਗਿਆ। ਇਸ ਮੁਹਿੰਮ ਸਬੰਧੀ ਦੱਸਦਿਆਂ ਐੱਸਐੱਸਪੀ ਸੰਦੀਪ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਤੇ ਜਾਗਰੂਕ ਕਰਨ ਤਹਿਤ ਹੀ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਜਿੱਥੇ ਬਿਨਾਂ ਮਾਸਕ ਵਾਲੇ ਦਾ ਮੌਕੇ 'ਤੇ ਹੀ ਇਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ, ਉਥੇ ਉਨ੍ਹਾਂ ਦਾ ਮੁਫ਼ਤ ਕੋਵਿਡ ਟੈਸਟ ਵੀ ਮੌਕੇ 'ਤੇ ਹੀ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ 'ਚ ਡੀਐੱਸਪੀ ਰਾਮ ਜੀ, ਡੀਐੱਸਪੀ ਲਖਵੀਰ ਟਿਵਾਣਾ, ਡੀਐੱਸਪੀ ਰਛਪਾਲ ਸਿੰਘ ਢੀਂਡਸਾ, ਥਾਣਾ ਸਦਰ ਦੇ ਥਾਣਾ ਮੁਖੀ ਜਸਵਿੰਦਰ ਸਿੰਘ, ਥਾਣਾ ਸਿਟੀ 2 ਦੇ ਮੁਖੀ ਗੁਰਮੇਲ ਸਿੰਘ, ਥਾਣਾ ਧਨੌਲਾ ਦੇ ਮੁਖੀ ਜੱਗਾ ਰਾਮ ਆਦਿ ਪੁਲਿਸ ਟੀਮ ਬਰਨਾਲਾ ਨੇ ਆਈਟੀਆਈ ਚੌਕ ਦੇ ਚਹੁੰ ਪਾਸੇ ਸਖ਼ਤ ਨਾਕੇਬੰਦੀ ਕਰਕੇ ਕਰੀਬ 200 ਰਾਹਗੀਰਾਂ ਦੇ ਜਿੱਥੇ ਮੁਫ਼ਤ ਕੋਵਿਡ ਟੈਸਟ ਕੀਤੇ, ਉਥੇ ਬਿਨਾਂ ਮਾਸਕ ਵਾਹਨ ਚਾਲਕਾਂ ਦੇ ਮੌਕੇ 'ਤੇ ਹੀ ਨਕਦ ਚਲਾਨ ਕੱਟੇ।
Powered by Blogger.